ਪੰਜਾਬ ਦੇ ਬਠਿੰਡਾ ‘ਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬਠਿੰਡਾ ਦੇ ਤਲਵੰਡੀ ਸਾਬੋ ਰੋਡ ‘ਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਬੇਕਾਬੂ ਹੋ ਕੇ ਨਾਲੇ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 35 ਲੋਕ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਇੱਥੇ ਹਾਹਾਕਾਰ ਮੱਚ ਗਈ। ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਲਿਜਾਇਆ ਗਿਆ ਹੈ। ਕੁਝ ਜ਼ਖ਼ਮੀਆਂ ਦਾ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਚੱਲ ਰਿਹਾ ਹੈ।
ਸ਼ੁੱਕਰਵਾਰ ਦੁਪਹਿਰ ਸਥਾਨਕ ਯਾਤਰੀਆਂ ਨੂੰ ਲੈ ਕੇ 52 ਸੀਟਰ ਪ੍ਰਾਈਵੇਟ ਬੱਸ ਸਰਦੂਲਗੜ੍ਹ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ। ਜਿਵੇਂ ਹੀ ਬੱਸ ਤਲਵੰਡੀ ਸਾਬੋ ਤੋਂ ਸਵਾਰੀ ਲੈ ਕੇ ਪਿੰਡ ਜੀਵਨ ਸਿੰਘ ਵਾਲਾ ਤੋਂ ਕੁਝ ਦੂਰੀ ’ਤੇ ਭੰਗੀਬਾਂਦਰ ਨੇੜਿਓਂ ਲੰਘਦੇ ਗੰਦੇ ਨਾਲੇ ’ਤੇ ਪੁੱਜੀ ਤਾਂ ਸਵੇਰ ਤੋਂ ਪਏ ਮੀਂਹ ਕਾਰਨ ਸੜਕ ’ਤੇ ਭਰੀ ਗੰਦਗੀ ਕਾਰਨ ਨਾਲੇ ਵਿੱਚ ਜਾ ਡਿੱਗੀ। ਸੜਕ ਤਿਲਕਣ ਹੋਣ ਕਾਰਨ ਡਰਾਈਵਰ ਬੱਸ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਬੱਸ ਨਾਲੇ ਵਿੱਚ ਜਾ ਡਿੱਗੀ। ਇਸ ਕਾਰਨ ਬੱਸ ‘ਚ ਸਵਾਰ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 35 ਦੇ ਕਰੀਬ ਹੋਰ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।