ਭਾਰਤ ਅਤੇ ਇੰਗਲੈਂਡ ਵਿਚਾਲੇ 4 ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਅਹਿਮ ਬਦਲਾਅ ਕੀਤੇ ਗਏ ਹਨ। ਤਿੰਨ ਖਿਡਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ, ਕੁੱਝ ਨਵੇਂ ਖਿਡਾਰੀ ਟੀਮ ਵਿੱਚ ਸ਼ਾਮਿਲ ਕੀਤੇ ਗਏ ਹਨ। ਸ੍ਰੀਲੰਕਾ ਵਿੱਚ ਟੀ -20 ਸੀਰੀਜ਼ ਖੇਡ ਰਹੇ ਪ੍ਰਿਥਵੀ ਸ਼ਾਅ ਅਤੇ ਸੂਰਿਆ ਕੁਮਾਰ ਯਾਦਵ ਨੂੰ ਟੈਸਟ ਸੀਰੀਜ਼ ਲਈ ਇੰਗਲੈਂਡ ਬੁਲਾਇਆ ਗਿਆ ਹੈ। ਦੋਵਾਂ ਖਿਡਾਰੀਆਂ ਨੂੰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਬੀਸੀਸੀਆਈ ਨੇ ਸੋਮਵਾਰ ਨੂੰ ਅਧਿਕਾਰਤ ਜਾਣਕਾਰੀ ਵਿੱਚ ਦੱਸਿਆ ਸੀ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ, ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸੱਟ ਕਾਰਨ ਇੰਗਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਪ੍ਰਿਥਵੀ ਸ਼ਾਅ ਅਤੇ ਸੂਰਿਆ ਕੁਮਾਰ ਯਾਦਵ ਨੂੰ ਇਨ੍ਹਾਂ ਖਿਡਾਰੀਆਂ ਦੇ ਬਦਲਾਅ ਵੱਜੋਂ ਇੰਗਲੈਂਡ ਭੇਜਿਆ ਜਾ ਰਿਹਾ ਹੈ, ਜੋ ਇਸ ਸਮੇਂ ਸ਼੍ਰੀਲੰਕਾ ਵਿੱਚ ਟੀ -20 ਆਈ ਸੀਰੀਜ਼ ਖੇਡ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ, ਪਹਿਲਾ ਮੈਚ 4 ਅਗਸਤ ਨੂੰ ਟ੍ਰੇਂਟਬ੍ਰਿਜ ਵਿਖੇ ਖੇਡਿਆ ਜਾਣਾ ਹੈ।