ਪਟਿਆਲਾ ਕੇਂਦਰੀ ਜੇਲ੍ਹ ਵਿੱਚੋਂ ਸ਼ੁੱਕਰਵਾਰ ਸਵੇਰੇ ਇੱਕ ਕੈਦੀ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਗਏ। ਜੇਲ੍ਹ ਪ੍ਰਸ਼ਾਸਨ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਜੇਲ੍ਹ ਕਰਮਚਾਰੀ ਉਕਤ ਕੈਦੀ ਨੂੰ ਬੈਰਕ ਵਿੱਚੋਂ ਪੇਸ਼ੀ ਲਈ ਲੈ ਕੇ ਜਾਣ ਲਈ ਪਹੁੰਚੇ। ਕਾਫੀ ਤਲਾਸ਼ ਕਰਨ ਤੋਂ ਬਾਅਦ ਵੀ ਜਦੋਂ ਕੈਦੀ ਨਾ ਮਿਲਿਆ ਤਾਂ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਗਿਆ। ਕੈਮਰੇ ਦੀ ਫੁਟੇਜ ‘ਚ ਕੈਦੀ ਨੂੰ ਛੱਤ ‘ਤੇ ਚੜ੍ਹਦੇ ਦੇਖਿਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਮੁਲਜ਼ਮ ਜੇਲ੍ਹ ਦੀ ਛੱਤ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਕੈਦੀ ਫਰਾਰ ਹੋਇਆ ਹੈ, ਉੱਥੇ ਦੋ ਪੀਏਪੀ ਜਵਾਨ ਆਧੁਨਿਕ ਹਥਿਆਰਾਂ ਨਾਲ ਤਾਇਨਾਤ ਹਨ। ਫਰਾਰ ਹੋਏ ਕੈਦੀ ਦੀ ਪਛਾਣ ਮਨਿੰਦਰ ਸਿੰਘ ਉਰਫ਼ ਗੋਨਾ ਉਰਫ਼ ਮਨੀ ਵਾਸੀ ਪਿੰਡ ਲੁਬਾਣਾ ਕਰਮੂ ਵਜੋਂ ਹੋਈ ਹੈ। ਉਸ ਖ਼ਿਲਾਫ਼ ਤ੍ਰਿਪੜੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਫਰਾਰ ਹੋਏ ਕੈਦੀ ਖਿਲਾਫ 31 ਜੁਲਾਈ 2022 ਨੂੰ ਥਾਣਾ ਬਖਸ਼ੀਵਾਲਾ ਵਿਖੇ ਲੁੱਟ-ਖੋਹ ਅਤੇ ਸਨੈਚਿੰਗ ਦਾ ਮਾਮਲਾ ਥਾਣਾ ਸੰਗਰੂਰ ਵਿਖੇ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਇਸ ਸਬੰਧੀ ਜਦੋਂ ਜੇਲ੍ਹ ਸਟਾਫ਼ ਉਸ ਨੂੰ ਲਿਜਾਣ ਲਈ ਬੈਰਕ ਵਿੱਚ ਪੁੱਜਿਆ ਤਾਂ ਕੈਦੀ ਉਥੋਂ ਗਾਇਬ ਪਾਇਆ ਗਿਆ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਇਸ ਸਬੰਧੀ ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਸੁਰੱਖਿਆ ਨੂੰ ਲੈ ਕੇ ਜੋ ਵੀ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਵਿੱਚ ਕਿਸੇ ਜੇਲ੍ਹ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।