ਆਪਣਾ ਦਾਅ ਉਲਟਾ ਪੈਣ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਨੂੰ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਕਰੀਬ 26 ਸਾਲ ਪਹਿਲਾਂ, ਮੈਂ ਆਪਣੀ ਪਾਰਟੀ ਸ਼ੁਰੂ ਕੀਤੀ ਸੀ। ਉਦੋਂ ਤੋਂ ਮੈਂ ਕਦੇ ਵੀ ਪਾਰਟੀ ਦੇ ਸਿਧਾਂਤ ਨਹੀਂ ਬਦਲੇ। ਮੈਂ ਸਿਰਫ 3 ਸਿਧਾਂਤਾਂ ‘ਤੇ ਪਾਰਟੀ ਬਣਾਈ ਸੀ। ਇਮਰਾਨ ਖਾਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ ਮੈਂਬਰਾਂ ਨੂੰ ਖਰੀਦਿਆ ਜਾਂ ਰਿਹਾ ਹੈ। ਸੁਪਰੀਮ ਕੋਰਟ ਦੇ ਫੈਸਲੇ ਵਿੱਚ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਦੀ ਗੱਲ ਕਰਨੀ ਚਾਹੀਦੀ ਹੈ।
ਇਮਰਾਨ ਖਾਨ ਨੇ ਕਿਹਾ ਕਿ ਕੋਈ ਵਿਕ ਰਿਹਾ ਹੈ, ਕੋਈ ਖਰੀਦ ਰਿਹਾ ਹੈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਪਾਕਿਸਤਾਨ ਕਿਸ ਦਿਸ਼ਾ ਵੱਲ ਜਾ ਰਿਹਾ ਹੈ? ਸਿਆਸਤਦਾਨਾਂ ਨੂੰ ਭੇਡਾਂ-ਬੱਕਰੀਆਂ ਵਾਂਗ ਖਰੀਦਿਆ ਜਾ ਰਿਹਾ ਹੈ। ਪਾਕਿਸਤਾਨ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮੈਂ ਇਹ ਗੱਲਾਂ ਪਾਕਿਸਤਾਨੀ ਹੋਣ ਦੇ ਨਾਤੇ ਕਹਿ ਰਿਹਾ ਹਾਂ। ਮੈਂ ਇੱਕ ਅਜ਼ੀਮ ਦੇਸ਼ ਦਾ ਸੁਪਨਾ ਦੇਖਿਆ ਸੀ। ਇਹ ਸਭ ਕੁੱਝ ਦੇਖ ਕੇ ਮੈਂ ਦੁਖੀ ਹਾਂ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੈਨੂੰ ਦੁੱਖ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵਿਦੇਸ਼ੀ ਸਾਜ਼ਿਸ਼ ਬਾਰੇ ਗੱਲ ਕਿਉਂ ਨਹੀਂ ਕੀਤੀ। ਉਸ ਸਾਜ਼ਿਸ਼ ਪੱਤਰ ਦੀ ਕੋਈ ਗੱਲ ਕਿਉਂ ਨਹੀਂ ਕੀਤੀ ਗਈ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਸਵੈ-ਮਾਣ ਵਾਲਾ ਦੇਸ਼ ਹੈ। ਕਿਸੇ ਵੀ ਮਹਾਂਸ਼ਕਤੀ ਵਿੱਚ ਭਾਰਤ ਵਿਰੁੱਧ ਸਾਜ਼ਿਸ਼ ਕਰਨ ਦੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਦੇਸ਼ ਨੀਤੀ ਆਜ਼ਾਦ ਹੋਣੀ ਚਾਹੀਦੀ ਹੈ। ਸਾਡੀ ਵਿਦੇਸ਼ ਨੀਤੀ ਭਾਰਤ ਵਰਗੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ਵਿੱਚ ਭਾਰਤ ਖ਼ਿਲਾਫ਼ ਕੁੱਝ ਕਹਿਣ ਦੀ ਹਿੰਮਤ ਨਹੀਂ ਹੈ। ਭਾਰਤ ਨੂੰ ਕੋਈ ਅੱਖਾਂ ਨਹੀਂ ਦਿਖਾ ਸਕਦਾ।