NDA ਨੇ ਦੇਸ਼ ਦੇ ਅਗਲੇ ਰਾਸ਼ਟਰਪਤੀ ਦੇ ਅਹੁਦੇ ਲਈ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਗਲਵਾਰ ਸ਼ਾਮ ਭਾਜਪਾ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣੀ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਪਾਰਟੀ ਦੇ ਸਾਰੇ ਵੱਡੇ ਨੇਤਾ ਸ਼ਾਮਿਲ ਹੋਏ ਸਨ। ਬੈਠਕ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਬੈਠਕ ‘ਚ 20 ਨਾਵਾਂ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਵਾਰ ਰਾਸ਼ਟਰਪਤੀ ਅਹੁਦੇ ਲਈ ਪੂਰਬੀ ਭਾਰਤ ਦੀ ਇੱਕ ਦਲਿਤ ਔਰਤ ਨੂੰ ਚੁਣਿਆ ਜਾਵੇ। ਇਸ ਤੋਂ ਬਾਅਦ ਮੁਰਮੂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ।
64 ਸਾਲਾ ਦਰੋਪਦੀ ਮੁਰਮੂ, ਜੋ ਝਾਰਖੰਡ ਦੀ ਨੌਵੀਂ ਰਾਜਪਾਲ ਸਨ, ਓਡੀਸ਼ਾ ਦੇ ਮਯੂਰਭੰਜ ਦੇ ਰਹਿਣ ਵਾਲੇ ਹਨ। ਉਹ ਖੁਦ ਓਡੀਸ਼ਾ ਦੇ ਰਾਏਰੰਗਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। ਰਾਜਪਾਲ ਬਣਾਏ ਜਾਣ ਵਾਲੇ ਉਹ ਪਹਿਲੇ ਓਡੀਆ ਨੇਤਾ ਹਨ। ਇਸ ਤੋਂ ਪਹਿਲਾਂ ਉਹ 2002 ਤੋਂ 2004 ਤੱਕ ਬੀਜੇਪੀ-ਬੀਜੇਡੀ ਗੱਠਜੋੜ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਮੁਰਮੂ ਝਾਰਖੰਡ ਦੀ ਪਹਿਲੀ ਆਦਿਵਾਸੀ ਮਹਿਲਾ ਰਾਜਪਾਲ ਵੀ ਰਹਿ ਚੁੱਕੀ ਹੈ।
ਇੱਥੇ, ਵਿਰੋਧੀ ਧਿਰ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਯਸ਼ਵੰਤ ਸਿਨਹਾ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਸਿਨਹਾ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਉਹ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਨਵੀਂ ਦਿੱਲੀ ਵਿੱਚ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਕਿਹਾ ਕਿ ਅਸੀਂ 27 ਜੂਨ ਨੂੰ ਸਵੇਰੇ 11.30 ਵਜੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਹਾਂ।