ਯੂਕਰੇਨ ‘ਤੇ ਰੂਸ ਦਾ ਹਮਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਵੱਡਾ ਐਲਾਨ ਕੀਤਾ ਹੈ। ਯੂਕਰੇਨ ਛੱਡਣ ਦੀ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਰਾਸ਼ਟਰਪਤੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਅਸਲੇ ਦੀ ਲੋੜ ਹੈ। ਇਸ ਦੇ ਨਾਲ ਹੀ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਨਹੀਂ ਭੱਜਾਂਗਾ। ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦੇਸ਼ ਛੱਡਣ ਦੀਆਂ ਖਬਰਾਂ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਯੂਕਰੇਨ ਵਿੱਚ ਡਟੇ ਹੋਏ ਹਨ।
ਦਰਅਸਲ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਮਰੀਕਾ ਤੋਂ ਇਹ ਆਫਰ ਆਇਆ ਸੀ ਕਿ ਉਹ ਦੇਸ਼ ਛੱਡ ਸਕਦੇ ਹਨ ਪਰ ਉਨ੍ਹਾਂ ਨੇ ਇਸ ਗੱਲ ਨੂੰ ਸਾਫ ਸ਼ਬਦਾਂ ‘ਚ ਠੁਕਰਾ ਦਿੱਤਾ ਹੈ। ਉਹ ਕਹਿੰਦਾ ਹੈ ਕਿ ਮੈਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ, ਜੇਕਰ ਤੁਸੀਂ ਮੇਰੀ ਮਦਦ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਹਥਿਆਰ ਦਿਓ, ਮੈਨੂੰ ਗੋਲਾ-ਬਾਰੂਦ ਦਿਓ।