ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਸਤੰਬਰ ਨੂੰ ਬ੍ਰਿਟੇਨ ਦਾ ਦੌਰਾ ਕਰਨਗੇ। ਉਹ ਮਹਾਰਾਣੀ ਐਲਿਜ਼ਾਬੇਥ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣਗੇ। ਵਿਦੇਸ਼ ਮੰਤਰਾਲੇ ਮੁਤਾਬਿਕ ਮੁਰਮੂ 17 ਤੋਂ 19 ਸਤੰਬਰ ਤੱਕ ਬ੍ਰਿਟੇਨ ਦਾ ਦੌਰਾ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਮੁਰਮੂ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ 12 ਸਤੰਬਰ ਨੂੰ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦਾ ਦੌਰਾ ਕੀਤਾ ਸੀ ਅਤੇ ਮਹਾਰਾਣੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਸੀ। ਭਾਰਤ ਨੇ ਵੀ ਮਹਾਰਾਣੀ ਦੀ ਮੌਤ ‘ਤੇ 11 ਸਤੰਬਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਸੀ ।
ਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਲੰਡਨ ਦੇ ਵੈਸਟਮਿੰਸਟਰ ਐਬੇ ਚਰਚ ਵਿੱਚ ਹੋਵੇਗਾ। ਮਹਾਰਾਣੀ ਦੀ ਦੇਹ 13 ਸਤੰਬਰ ਨੂੰ ਸਕਾਟਲੈਂਡ ਤੋਂ ਲੰਡਨ ਪਹੁੰਚੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਕਿੰਘਮ ਪੈਲੇਸ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਹੁਣ ਮਹਾਰਾਣੀ ਦਾ ਤਾਬੂਤ ਵੈਸਟਮਿੰਸਟਰ ਐਬੇ ‘ਚ ਚਾਰ ਦਿਨਾਂ ਲਈ ਰੱਖਿਆ ਜਾਵੇਗਾ, ਜਿਸ ਤੋਂ ਬਾਅਦ 19 ਸਤੰਬਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।