ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਅਜੇ ਵੀ ਲਾਗੂ ਹਨ ਕਿਉਂਕਿ ਕੇਂਦਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਨੂੰ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਬਾਜਵਾ ਨੇ ਐਲਾਨ ਕੀਤਾ ਕਿ 1 ਮਾਰਚ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਉਦੋਂ ਤੱਕ ਨਹੀਂ ਚੱਲਣ ਦਿੱਤਾ ਜਾਵੇਗਾ ਜਦੋਂ ਤੱਕ ਕਿਸਾਨਾਂ ਖਿਲਾਫ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਜਾਂਦੇ।
ਬਾਜਵਾ ਇਲਾਜ ਅਧੀਨ ਕਿਸਾਨਾਂ ਦਾ ਹਾਲ ਚਾਲ ਜਾਣਨ ਲਈ ਐਤਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੇ ਸਨ। ਬਾਜਵਾ ਨੇ ਦੋਸ਼ ਲਾਇਆ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਇਸ਼ਾਰੇ ‘ਤੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨਾਂ ‘ਤੇ ਗੋਲੀਬਾਰੀ ਕੀਤੀ ਗਈ ਹੈ। ਇਸ ਲਈ ਮਾਨਯੋਗ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਜ ਖਿਲਾਫ ਤੁਰੰਤ ਮਾਮਲਾ ਦਰਜ ਕਰੇ।
ਉਨ੍ਹਾਂ ਅੱਗੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਬਾਰਡਰਾਂ ‘ਤੇ ਵੱਡੇ-ਵੱਡੇ ਨਾਕੇ ਲਗਾਏ ਹਨ ਅਤੇ ਸੀਮਿੰਟ ਨਾਲ ਬੈਰੀਕੇਡ ਵੀ ਬਣਾਏ ਹਨ। ਚੀਨ ਅਤੇ ਭਾਰਤ ਦੀਆਂ ਸਰਹੱਦਾਂ ‘ਤੇ ਅਜਿਹਾ ਨਹੀਂ ਕੀਤਾ ਜਾਂਦਾ, ਜੋ ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਕੀਤਾ ਸੀ। ਇੰਨਾ ਹੀ ਨਹੀਂ ਪੰਜਾਬ ਦੀਆਂ ਸਰਹੱਦਾਂ ਵਿੱਚ ਦਾਖਲ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾ ਦਿੱਤੀਆਂ। ਬਾਜਵਾ ਨੇ ਕਿਹਾ ਕਿ ਹਰੇਕ ਜ਼ਖਮੀ ਕਿਸਾਨ ਦੇ ਮਾਮਲੇ ‘ਚ ਵੱਖਰੀ ਐੱਫ.ਆਈ.ਆਰ. ਦਰਜ ਹੋਵੇ।