ਪੰਜਾਬ ਕਾਂਗਰਸ ਵਿੱਚ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਈ ਹਲਚਲ ਵਿੱਚ ਅਜੇ ਵੀ ਲਗਾਤਾਰ ਨਵੇਂ ਮੋੜ ਸਾਹਮਣੇ ਆ ਰਹੇ ਹਨ। ਜਿਥੇ ਸ਼ਨੀਵਾਰ ਨੂੰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਦੇ ਫੈਸਲੇ ‘ਤੇ ਸਿੱਧੂ ਸਬੰਧੀ ਸਹਿਮਤੀ ਪ੍ਰਗਟਾਈ ਤਾਂ ਉੱਥੇ ਹੀ ਉਨ੍ਹਾਂ ਨੇ ਸਿੱਧੂ ਸਾਹਮਣੇ ਮਾਫੀ ਮੰਗਣ ਦੀ ਸ਼ਰਤ ਵੀ ਰੱਖ ਦਿੱਤੀ। ਉਥੇ ਹੀ ਅੱਜ ਵਿਧਾਇਕਾਂ ਤੇ ਚੇਅਰਮੈਨਾਂ ਦੀਆਂ ਮੀਟਿੰਗਾਂ ਦਾ ਦੌਰ ਵੀ ਚਾਲੂ ਰਿਹਾ। ਸ਼ਨੀਵਾਰ ਸਵੇਰੇ ਨਵਜੋਤ ਸਿੰਘ ਸਿੱਧੂ ਨੇ ਪਹਿਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਫਿਰ ਇੱਕ ਤੋਂ ਬਾਅਦ ਇੱਕ ਕਈ ਮੰਤਰੀਆਂ ‘ਤੇ ਵਿਧਾਇਕਾਂ ਦੇ ਘਰ ਪਹੁੰਚੇ।
ਉੱਥੇ ਹੀ ਸ਼ਾਮ ਹੁੰਦੇ ਹੁੰਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਦੇ ਨਾਲ ਕਰੀਬ ਸਾਢੇ ਚਾਰ ਸਾਲਾਂ ਬਾਅਦ ਮੁਲਾਕਾਤ ਕੀਤੀ ਹੈ, ਜਿਸ ਨੇ ਪੰਜਾਬ ਕਾਂਗਰਸ ਦੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸ਼ਾਮ ਨੂੰ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਪਹੁੰਚੇ, ਦੋਨਾਂ ਆਗੂਆਂ ਦੀ ਇਹ ਮੁਲਾਕਾਤ ਸਾਢੇ ਚਾਰ ਸਾਲ ਬਾਅਦ ਹੋਈ। ਇਹ ਮੁਲਾਕਾਤ ਲੱਗਭਗ 45 ਮਿੰਟਾਂ ਤੱਕ ਚਲਦੀ ਰਹੀ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਸੋਢੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਖਤ ਵਿਰੋਧੀਆਂ ਵਿੱਚੋਂ ਇੱਕ ਰਹੇ ਹਨ। ਇਸ ਕਰਕੇ ਇਹ ਮੁਲਾਕਾਤ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ।