ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ll
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ll
ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰੀ ਦੁਨੀਆ ਵਿੱਚ ਬੜੀ ਹੀ ਸ਼ਰਧਾ ‘ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹੀ ਹਸਤੀ ਦੇ ਮਾਲਕ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਤੇ ਨੇਕੀ ਨੂੰ ਜ਼ੱਰੇ-ਜ਼ੱਰੇ ਵਿੱਚ ਸੁਰਜੀਤ ਕਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਤਲਵਾਰ ਵਰਗੇ ਮਾਨਵਘਾਤੀ ਹਥਿਆਰ ਨੂੰ ਕ੍ਰਿਪਾਨ ਦਾ ਰੂਪ ਬਖਸ਼ ਦਿੱਤਾ। ਆਪ ਜੀ ਨੇ ਰਾਜਨੀਤੀ ਨੂੰ ਧਰਮ ਦੇ ਅਧੀਨ ਕਰਕੇ ਪਾਪੀ ਹਾਕਮਾਂ ਨੂੰ ਨੱਥ ਪਾਉਣ ਦਾ ਮਹਾਨ ਕਾਰਜ ਕੀਤਾ। ਉਹੀ ਤਲਵਾਰ, ਜੋ ਮਜ਼ਲੂਮਾਂ ‘ਤੇ ਜ਼ੁਲਮ ਢਾਹੁੰਦੀ ਸੀ, ਹੁਣ ਗਰੀਬਾਂ ਦੀ ਰੱਖਿਅਕ ਬਣ ਗਈ। ਸਿੱਖ ਧਰਮ ਦੇ ਵਿਕਾਸ-ਮਾਰਗ ’ਤੇ ਇਹ ਅਜਿਹਾ ਪੜਾਅ ਸੀ, ਜਿਸ ਵਿੱਚ ਫਕੀਰੀ ਵਿੱਚੋਂ ਮੀਰੀ ਵੀ ਪ੍ਰਗਟ ਹੋਈ।
ਛੇਵੇਂ ਗੁਰੂ, ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਧੰਨ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਾ ਗੁਰਸਰ ਸਾਹਿਬ ਟਾਕਾਨੀਨੀ ਨਿਊਜ਼ੀਲੈਂਡ ਵਿਖੇ ਸ਼ੁੱਕਰਵਾਰ ਨੂੰ ਮਿਤੀ 25 ਜੂਨ 2021 ਨੂੰ ਸ਼ਾਮ ਦੇ ਸਮੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੌਰਾਨ ਪ੍ਰਬੰਧਕਾਂ ਵੱਲੋ ਵੀ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਹਾਜਰੀਆਂ ਭਰਨ ਅਤੇ ਗੁਰੂ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਵੱਖ ਵੱਖ ਕੀਰਤਨੀ ਜੱਥੇ ਅਤੇ ਕਵੀਸ਼ਰ ਸ਼ਾਮ ਦੇ ਦੀਵਾਨਾਂ ‘ਚ ਹਾਜਰੀਆਂ ਭਰਨਗੇ । ਇਸ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਲਈ ਲੰਗਰ ਦਾ ਵੀ ਵਿਸ਼ੇਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਪੰਜਾਬ ਦੀ ਯਾਦ ਤਾਜਾ ਕਰਵਾਉਣ ਲਈ ਮੱਕੀ ਦੇ ਪ੍ਰਸ਼ਾਦੇ ਅਤੇ ਸਰੋਂ ਦਾ ਸਾਗ ਵੀ ਸੰਗਤ ਲਈ ਤਿਆਰ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸੈਫਲਾਬਾਦ ਦੀ ਸੰਗਤ ਤੇ ਉਹਨਾਂ ਦੇ ਸਕੇ ਸੁਨੇਹੀਆਂ ਵਲੋ ਹਰ ਵਰੇ ਸ੍ਰੀ ਅਖੰਡਪਾਠ ਸਾਹਿਬ ਦੀ ਸੇਵਾ ਲਈ ਜਾਂਦੀ ਹੈ ।