ਬਿਜਲੀ ਕਾਮਿਆਂ ਨੇ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਬੀਤੀ ਰਾਤ 12 ਵਜੇ ਤੋਂ ਸ਼ੁਰੂ ਹੈ ਅਤੇ ਕਰਮਚਾਰੀ 24 ਫਰਵਰੀ ਨੂੰ 12 ਵਜੇ ਤੱਕ ਹੜਤਾਲ ‘ਤੇ ਰਹਿਣਗੇ। ਭਾਵੇਂ ਪ੍ਰਸ਼ਾਸਨ ਮੁਲਾਜ਼ਮਾਂ ਨੂੰ ਮਨਾ ਕੇ ਹੜਤਾਲ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹੜਤਾਲ ਜ਼ਰੂਰ ਹੋਵੇਗੀ। ਅਜਿਹੇ ‘ਚ ਜੇਕਰ ਕਰਮਚਾਰੀ ਹੜਤਾਲ ‘ਤੇ ਜਾਂਦੇ ਹਨ ਤਾਂ ਰਾਜਧਾਨੀ ਫਿਰ ਹਨੇਰੇ ‘ਚ ਡੁੱਬ ਜਾਵੇਗੀ। ਇਸ ਤੋਂ ਪਹਿਲਾ 1 ਫਰਵਰੀ ਨੂੰ ਵੀ ਸ਼ਹਿਰ ਦੇ ਲੋਕਾਂ ਨੂੰ ਕੁਝ ਅਜੇਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।
ਦੱਸ ਦੇਈਏ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਬਿਜਲੀ ਵਿਭਾਗ ਦੇ ਮੁਲਾਜ਼ਮ ਤਿੰਨ ਦਿਨ ਦੀ ਮੁਕੰਮਲ ਹੜਤਾਲ ‘ਤੇ ਚਲੇ ਗਏ ਹਨ। ਅਜਿਹੇ ‘ਚ ਬੀਤੀ ਰਾਤ ਤੋਂ ਹੀ ਬਿਜਲੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਹੁਣ ਅਗਲੇ 72 ਘੰਟਿਆਂ ਤੱਕ ਸ਼ਹਿਰ ਵਾਸੀਆਂ ਨੂੰ ਇਹ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਜ਼ਿਆਦਾਤਰ ਟ੍ਰੈਫਿਕ ਲਾਈਟਾਂ ਸਵੇਰ ਤੋਂ ਹੀ ਬੰਦ ਪਈਆਂ ਹਨ, ਜਿਸ ਕਾਰਨ ਟ੍ਰੈਫਿਕ ਵਿਵਸਥਾ ਵੀ ਠੱਪ ਹੋ ਕੇ ਰਹਿ ਗਈ ਹੈ। ਹਾਲਾਂਕਿ ਕਈ ਚੌਰਾਹਿਆਂ ‘ਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਟ੍ਰੈਫਿਕ ਨੂੰ ਸੰਭਾਲਣ ‘ਚ ਲੱਗੇ ਹੋਏ ਹਨ। ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਚਾਰੇ ਪਾਸੇ ਤੋਂ ਵਾਹਨਾਂ ਦੀ ਆਵਾਜਾਈ ਕਾਰਨ ਸ਼ਹਿਰ ਦੇ ਜ਼ਿਆਦਾਤਰ ਚੌਰਾਹਿਆਂ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ। ਸਵੇਰੇ ਦਫ਼ਤਰਾਂ ਵਿੱਚ ਆਉਣ ਵਾਲੇ ਮੁਲਾਜ਼ਮਾਂ ਨੂੰ ਟ੍ਰੈਫਿਕ ਜਾਮ ਨਾਲ ਦੋ ਚਾਰ ਹੋਣਾ ਪਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਥਿਤੀ ਹੋਰ ਗੰਭੀਰ ਹੋ ਜਾਵੇਗੀ।
ਦੱਸ ਦੇਈਏ ਕਿ ਯੂਟੀ ਪਾਵਰਮੈਨ ਯੂਨੀਅਨ ਸੋਮਵਾਰ ਰਾਤ 11 ਵਜੇ ਤੋਂ ਅਗਲੇ ਤਿੰਨ ਦਿਨਾਂ ਲਈ ਹੜਤਾਲ ‘ਤੇ ਹੈ। ਕਈ ਸੈਕਟਰਾਂ ‘ਚ ਰਾਤ ਤੋਂ ਹੀ ਬਿਜਲੀ ਨਹੀਂ ਹੈ, ਜਿਸ ਕਾਰਨ ਸਵੇਰੇ ਪਾਣੀ ਦੀ ਸਪਲਾਈ ਨਹੀਂ ਹੋਈ। ਜਿਨ੍ਹਾਂ ਘਰਾਂ ਵਿੱਚ ਇਨਵਰਟਰ ਲੱਗੇ ਹੋਏ ਹਨ, ਉਹ ਵੀ ਚਿੰਤਤ ਹਨ ਕਿਉਂਕਿ ਜੇਕਰ ਲੰਬੇ ਸਮੇਂ ਤਕ ਬਿਜਲੀ ਦਾ ਕੱਟ ਲੱਗਿਆ ਰਹਿੰਦਾ ਹੈ ਤਾਂ ਉਹ ਵੀ ਕੁਝ ਘੰਟੇ ਚੱਲਣ ਤੋਂ ਬਾਅਦ ਡਿਸਚਾਰਜ ਹੋ ਜਾਣਗੇ। ਕਰਮਚਾਰੀਆਂ ਦੀ ਹੜਤਾਲ ਕਾਰਨ ਪੂਰਾ ਸ਼ਹਿਰ ਹਨੇਰੇ ‘ਚ ਡੁੱਬ ਸਕਦਾ ਹੈ। ਸੈਕਟਰ 29 ਵਿੱਚ ਬੀਤੀ ਰਾਤ 10 ਵਜੇ ਤੋਂ ਬਿਜਲੀ ਗੁੱਲ ਹੈ। ਇਸ ਦੇ ਨਾਲ ਹੀ ਸੈਕਟਰ-33 ਵਿਚ ਰਾਤ 11 ਵਜੇ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਅਜਿਹੇ ਵਿੱਚ ਅਜੇ ਲਗਭਗ ਢਾਈ ਦਿਨ ਹੋਰ ਚੰਡੀਗੜ੍ਹ ਦੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਬਿਜਲੀ ਕਰਮਚਾਰੀਆਂ ਦੀ ਹੜਤਾਲ ਸ਼ੁਰੂ ਹੋਣ ਨਾਲ ਸਵੇਰੇ ਸੈਕਟਰ 22-ਏ, 35-ਏ, 35-ਬੀ, 43, ਮੌਲੀਗਾਜਰਾਂ, ਵਿਕਾਸ ਨਗਰ, ਮੌਲੀ ਪਿੰਡ, ਸੈਕਟਰ 44, 45, 45-ਸੀ, ਸੈਕਟਰ 30, 42-ਬੀ, 52, 53, 56, 41ਏ, 63, 50, ਕਿਸ਼ਨਗੜ੍ਹ, 28-ਡੀ, 37, 38 38(ਵੇਸਟ), 27 ਤੇ ਮਨੀਮਾਜਰਾ ਦੇ ਕਈ ਹਿੱਸਿਆਂ ਵਿੱਚ ਲਾਈਟ ਕੱਟ ਗਈ ਹੈ।
ਇਸ ਤੋਂ ਪਹਿਲਾਂ 1 ਫਰਵਰੀ ਨੂੰ ਇਕ ਦਿਨਾ ਹੜਤਾਲ ਕਾਰਨ ਸ਼ਹਿਰ ‘ਚ ਹਫੜਾ-ਦਫੜੀ ਮੱਚ ਗਈ ਸੀ। ਇਸ ਦਿਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਬਿਜਲੀ ਗੁੱਲ ਰਹੀ ਸੀ। ਕਈ ਥਾਵਾਂ ‘ਤੇ 24 ਘੰਟੇ ਬਾਅਦ ਬਿਜਲੀ ਆਈ ਸੀ। ਇਸ ਵਾਰ ਪੂਰੇ ਸ਼ਹਿਰ ਦਾ ਸਿਸਟਮ 72 ਘੰਟਿਆਂ ਲਈ ਠੱਪ ਹੋ ਸਕਦਾ ਹੈ। ਉਂਜ ਪ੍ਰਸ਼ਾਸਨ ਦਾ ਇੰਜਨੀਅਰਿੰਗ ਵਿਭਾਗ ਬਦਲਵੇਂ ਪ੍ਰਬੰਧ ਕਰਨ ’ਚ ਲੱਗਾ ਹੋਇਆ ਹੈ। 400 ਆਊਟਸੋਰਸ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਿਆਰੀ ਚੱਲ ਰਹੀ ਹੈ। ਉਂਝ ਪਿਛਲੀ ਹੜਤਾਲ ‘ਚ ਇਹ 400 ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਸਨ। ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਿਹਾ ਹੈ ਕਿ ਕੀ ਕੁਝ ਸਮੇਂ ਲਈ ਬਿਜਲੀ ਸਪਲਾਈ ‘ਚ ਵਿਘਨ ਪਿਆ ਹੈ ਜਾਂ ਪੂਰੇ 72 ਘੰਟੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਮੁਲਾਜ਼ਮਾਂ ਦੀ ਹੜਤਾਲ ਦਾ ਕਾਰਨ ਮੁਲਾਜ਼ਮਾਂ ਦੀ ਮੁੱਖ ਮੰਗ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਫੈਸਲੇ ਨੂੰ ਵਾਪਸ ਲੈਣਾ ਹੈ ਜਦਕਿ ਅਜਿਹਾ ਸੰਭਵ ਨਹੀਂ ਹੈ।ਨਿੱਜੀਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਪ੍ਰਾਈਵੇਟ ਕੰਪਨੀ ਇਸ ਨੂੰ ਸੰਭਾਲਣ ਵਾਲੀ ਹੈ। ਕੇਂਦਰ ਸਰਕਾਰ ਨੇ ਵੀ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਨ ਇਹ ਟਕਰਾਅ ਟਲਦਾ ਨਜ਼ਰ ਨਹੀਂ ਆ ਰਿਹਾ।