ਸ਼ਨੀਵਾਰ ਰਾਤ ਨੂੰ ਤੂਫਾਨ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ ਪੂਰੇ ਉੱਤਰੀ ਟਾਪੂ ਦੇ ਸੈਂਕੜੇ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਤੂਫਾਨ ਕਾਰਨ ਡਿੱਗੇ ਦਰੱਖਤਾਂ ਨੇ ਬਿਜਲੀ ਦੀਆਂ ਲਾਈਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਪੂਰੇ ਨੈਟਵਰਕ ਦੇ ਫਿਊਜ਼ ਉਡਾ ਦਿੱਤੇ ਹਨ। ਪਾਵਰਕੋ, ਜੋ ਕੋਰੋਮੰਡਲ, ਤਰਨਾਕੀ ਅਤੇ ਮਾਨਵਾਤੂ-ਵਾਂਗਾਨੁਈ ਨੂੰ ਬਿਜਲੀ ਸਪਲਾਈ ਕਰਦੀ ਹੈ, ਨੇ ਕਿਹਾ ਕਿ ਬੀਤੀ ਰਾਤ ਲਗਭਗ 4000 ਘਰਾਂ ਦੀ ਬਿਜਲੀ ਬੰਦ ਹੋ ਗਈ ਸੀ।
ਕੰਪਨੀ ਨੇ 3000 ਤੋਂ ਵੱਧ ਸੰਪਤੀਆਂ ‘ਤੇ ਬਿਜਲੀ ਬਹਾਲ ਕਰ ਦਿੱਤੀ ਸੀ ਪਰ ਕਿਹਾ ਕਿ ਵੈਰਾਰਾਪਾ, ਵੈਸਟਰਨ ਬੇ ਆਫ ਪਲੇਨਟੀ ਅਤੇ ਨਿਊ ਪਲਾਈਮਾਊਥ ਦੇ ਕੁਝ ਹਿੱਸਿਆਂ ‘ਚ ਗਾਹਕ ਅਜੇ ਵੀ ਬਿਜਲੀ ਤੋਂ ਬਿਨਾਂ ਟਾਈਮ ਕੱਢ ਰਹੇ ਹਨ। ਬੀਤੀ ਰਾਤ ਆਏ ਤੂਫ਼ਾਨ ਤੋਂ ਬਾਅਦ ਮਾਸਟਰਟਨ ਵਿੱਚ ਲਗਭਗ 300 ਘਰ ਅਜੇ ਵੀ ਬਿਜਲੀ ਤੋਂ ਬਿਨਾਂ ਸਨ, ਅਤੇ ਇੱਕ ਦਰੱਖਤ ਦੇ ਡਿੱਗਣ ਕਾਰਨ ਨਿਊ ਪਲਾਈਮਾਊਥ ਦੇ ਵੈਸਟਟਾਉਨ ਅਤੇ ਫਰੈਂਕਲੇਅ ਪਾਰਕ ਵਿੱਚ ਅੱਜ ਦੁਪਹਿਰ ਵੇਲੇ ਲਗਭਗ 150 ਘਰਾਂ ‘ਚ ਬੱਤੀ ਗੁਲ ਹੋਈ ਸੀ।
ਉੱਤਰੀ ਟਾਪੂ ਦੇ ਆਲੇ ਦੁਆਲੇ 100 ਤੋਂ ਵੱਧ ਪੇਂਡੂ ਘਰਾਂ ‘ਚ ਵੀ ਬੱਤੀ ਗੁਲ ਹੈ। ਪਾਵਰ ਲਾਈਨ ਕੰਪਨੀ ਵੈਕਟਰ ਦੇ ਬੁਲਾਰੇ ਨੇ ਕਿਹਾ ਕਿ ਸ਼ਨੀਵਾਰ ਦੇ ਮੌਸਮ ਦੇ ਨਤੀਜੇ ਵਜੋਂ ਆਕਲੈਂਡ ਦੇ ਸਨੇਲਜ਼ ਬੀਚ ਅਤੇ ਵਾਈਮਾਉਕੂ ਵਿੱਚ ਵੀ ਆਊਟੇਜ ਸੀ, ਜਿਸ ਨਾਲ ਲਗਭਗ 200 ਗਾਹਕ ਪ੍ਰਭਾਵਿਤ ਹੋਏ। ਹੈਮਿਲਟਨ ਵਿੱਚ ਐਤਵਾਰ ਨੂੰ 600 ਸੰਪਤੀਆਂ ਬਿਜਲੀ ਤੋਂ ਬਿਨਾਂ ਸਨ।