ਟੈਕਸਸ ਹੈਰਿਸ ਕਾਉਂਟੀ ਪਹਿਲੇ ਸਿੱਖ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ, ਜਿਸ ਦੀ ਸ਼ਹਾਦਤ ਨਾਲ ਹਾਉਸਟਨ ਕਮਿਉਨਿਟੀ ਹਿੱਲ ਗਈ ਅਤੇ ਇਹ ਖ਼ਬਰ ਰਾਸ਼ਟਰੀ-ਅੰਤਰਰਾਸ਼ਟਰੀ ਸੁਰਖੀਆਂ ਬਣੀ ਸੀ। ਹੈਰਿਸ ਕਾਉਂਟੀ ਸ਼ੈਰਿਫ ਦਾ ਦਫਤਰ ਅਤੇ ਕਮਿਊਨਿਟੀ ਦੇ ਦੂਸਰੇ ਲੋਕ ਸੰਦੀਪ ਦੀ ਸ਼ਹਾਦਤ ਦਾ ਅੱਜ ਵੀ ਸਨਮਾਨ ਕਰਦੇ ਹਨ। ਹੁਣ ਸੰਦੀਪ ਨੂੰ ਇੱਕ ਹੋਰ ਸਨਮਾਨ ਦਿੰਦਿਆਂ ਪੱਛਮੀ ਹਿਊਸਟਨ ਵਿੱਚ ਇੱਕ ਡਾਕਘਰ ਦਾ ਨਾਂ ਬਦਲ ਕੇ ਸ਼ਹੀਦ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਗਿਆ ਹੈ, ਸੰਦੀਪ ਦਾ 2019 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
42 ਸਾਲਾ ਧਾਲੀਵਾਲ ਨੂੰ 27 ਸਤੰਬਰ 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਧਾਲੀਵਾਲ ਨੇ ਇੱਕ ਗੱਡੀ ਨੂੰ ਟ੍ਰੈਫਿਕ ਸਿਗਨਲ ‘ਤੇ ਰੋਕਿਆ ਸੀ, ਜਿਸ ਵਿੱਚ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ, ਧਾਲੀਵਾਲ 2015 ਵਿੱਚ ਸੁਰਖੀਆਂ ਵਿੱਚ ਆਏ ਸਨ, ਜਦੋਂ ਉਹ ਦਾੜ੍ਹੀ ਤੇ ਪੱਗ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ। ਮੰਗਲਵਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿੱਥੇ ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਨਾਂ ਬਦਲਣ ਦਾ ਮਤਾ ਪੇਸ਼ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਲਿਜ਼ੀ ਫਲੇਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਰੋਡ ਸਥਿਤ ਡਾਕਘਰ ਉਨ੍ਹਾਂ ਦੇ ਨਾਮ ‘ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਸਾਡੇ ਸਾਰਿਆਂ ਦੀ ਸੇਵਾ ਲਈ ਆਪਣੀ ਜਾਨ ਦੇ ਦਿੱਤੀ ਸੀ।