ਨਿਊਜ਼ੀਲੈਂਡ ਸਰਕਾਰ ਵੱਲੋ ਲਗਾਤਾਰ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕੀਤਾ ਜਾਂ ਰਿਹਾ ਹੈ। ਹੁਣ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ, ਜਿਸ ਦੇ ਤਹਿਤ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਬਾਰਡਰ ਵਰਕਰਾਂ ਨੂੰ ਹੁਣ ਕੋਵਿਡ -19 ਦੇ ਟੀਕੇ ਲਗਵਾਉਣੇ ਜਰੂਰੀ ਹੋਣਗੇ, ਜਿਸ ਨਾਲ ਉਹ MIQ ਦੇ ਕਰਮਚਾਰੀਆਂ ਲਈ ਨਿਯਮਾਂ ਦੇ ਅਧੀਨ ਆਉਣਗੇ। ਇਸਦਾ ਅਰਥ ਇਹ ਹੋਏਗਾ ਕਿ ਲੱਗਭਗ 1800 ਹੋਰ ਕਾਮਿਆਂ ਨੂੰ ਆਪਣੀ ਨੌਕਰੀ ਜਾਰੀ ਰੱਖਣ ਲਈ ਟੀਕੇ ਲਗਵਾਉਣ ਦੀ ਜ਼ਰੂਰਤ ਹੋਏਗੀ। ਜਦੋਂ ਇਹ ਪੁੱਛਿਆ ਗਿਆ ਕਿ ਸਿਰਫ ਵਧੇਰੇ ਸਰਹੱਦੀ ਕਰਮਚਾਰੀਆਂ ਲਈ ਲਾਜ਼ਮੀ ਰੋਲਆਉਟ ਲਾਗੂ ਕਿਉਂ ਕੀਤਾ ਗਿਆ ਹੈ, ਤਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਲਾਜ਼ਮੀ ਟੀਕੇ ਲਗਾਉਣ ਨੂੰ ਇੱਕ “ਅਸਧਾਰਣ ਕਦਮ” ਦੱਸਿਆ। ਉਨ੍ਹਾਂ ਕਿਹਾ ਕਿ “ਸਾਡੇ ਮੁੱਖ ਸਰਹੱਦੀ ਕਰਮਚਾਰੀ… ਕਵਰ ਹੋ ਚੁੱਕੇ ਹਨ। ਹੁਣ ਅਸੀਂ ਕਾਮਿਆਂ ਦੇ ਅਗਲੇ ਪੱਧਰ ਵੱਲ ਜਾ ਰਹੇ ਹਾਂ।”
ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਹ ਨਿਯਮ 14 ਜੁਲਾਈ ਨੂੰ ਰਾਤ 11.59 ਵਜੇ ਤੋਂ ਲਾਗੂ ਹੋਵੇਗਾ, ਪਰ ਜਿਨ੍ਹਾਂ ਕਰਮਚਾਰੀਆਂ ਨੇ ਵੈਕਸੀਨ ਨਹੀਂ ਲਗਵਾਈ ਹੈ ਉਨ੍ਹਾਂ ਕੋਲ ਆਪਣੀ ਪਹਿਲੀ ਖੁਰਾਕ ਲੈਣ ਲਈ 26 ਅਗਸਤ ਤੱਕ ਦਾ ਸਮਾਂ ਹੋਵੇਗਾ, ਜਿਸ ਵਿੱਚ ਨਿੱਜੀ ਤੌਰ ‘ਤੇ ਰੁਜ਼ਗਾਰ ਪ੍ਰਾਪਤ ਕਰਮਚਾਰੀਆਂ ਲਈ 30 ਸਤੰਬਰ ਦੀ ਤਰੀਕ ਆਖਰੀ ਹੋਵੇਗੀ। ਹਿਪਕਿਨਸ ਨੇ ਕਿਹਾ ਕਿ ਜਦੋਂ ਤੱਕ ਕਰਮਚਾਰੀ ਟੀਕਾ ਨਹੀਂ ਲਗਵਾਉਂਦੇ ਉਹ ਉੱਚ-ਜੋਖਮ ਵਾਲੇ ਸਰਹੱਦੀ ਵਾਤਾਵਰਣ ਵਿੱਚ ਕੰਮ ਨਹੀਂ ਕਰ ਸਕਣਗੇ। ਕਿਸੇ ਵੀ ਨਵੇਂ ਕਰਮਚਾਰੀ ਨੂੰ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਪਹਿਲੀ ਖੁਰਾਕ ਲਗਵਾਉਣੀ ਲਾਜ਼ਮੀ ਹੋਵੇਗੀ। ਹਿਪਕਿਨਸ ਨੇ ਕਿਹਾ,” MIQ ਸਹੂਲਤਾਂ ਦੇ ਨਾਲ ਨਾਲ ਸਾਡੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ‘ਤੇ ਕੰਮ ਕਰ ਰਹੇ ਕਾਮਿਆਂ ਨੂੰ ਕੋਵਿਡ-19 ਦਾ ਸਭ ਤੋਂ ਵੱਧ ਖਤਰਾ ਹੈ।”