ਅਨਾਰ ਦਾ ਜੂਸ ਲੰਬੇ ਸਮੇਂ ਤੋਂ ਇਸ ਦੀ ਸਿਹਤ ਅਤੇ ਸਰੀਰ ‘ਤੇ ਇਲਾਜ ਦੇ ਲਈ ਮਸ਼ਹੂਰ ਰਿਹਾ ਹੈ, ਜਿਸ ਕਰਕੇ ਇਸ ਨੂੰ ਕਾਫ਼ੀ ਪ੍ਰਸਿੱਧੀ ਮਿਲੀ ਹੈ। ਸਾਡੇ ਸਰੀਰ ‘ਚ ਬਲੱਡ ਪ੍ਰੈਸ਼ਰ ਦੇ ਪੱਧਰ ‘ਚ ਦਿਨ ਵਿੱਚ ਕਈ ਵਾਰ ਬਦਲਾ ਹੁੰਦਾ ਹੈ। ਇਸ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਮਾਮਲੇ ਵਿੱਚ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਸ਼ੂਗਰ ਤੇ ਹਾਈ ਬਲੱਡ ਸ਼ੂਗਰ ਦੇ ਮਰੀਜ਼ ਨੂੰ ਬਹੁਤ ਪਿਆਸ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਅੱਖਾਂ ਵਿੱਚ ਧੁੰਦਲਾਪਣ ਹੋਣਾ ਅਤੇ ਉਲਟੀਆਂ ਵਰਗੇ ਲੱਛਣ ਵੀ ਮਹਿਸੂਸ ਕੀਤੇ ਜਾਂਦੇ ਹਨ। ਮੂੰਹ ਅੰਦਰ ਖੁਸ਼ਕੀ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ।
ਇਸ ਸੰਬੰਧ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਤੋਂ ਪਹਿਲਾਂ ਇਸ ਦੀ ਜਾਂਚ ਕਰਨਾ ਜ਼ਰੂਰੀ ਹੈ। ਸ਼ੂਗਰ ਤੋਂ ਪੀੜ੍ਹਤ ਵਿਅਕਤੀ ਦਾ ਨਾਰਮਲ ਬਲੱਡ ਸ਼ੂਗਰ ਦਾ ਪੱਧਰ 4.0 ਤੋਂ 5.9 ਐਮਐਮਓਐਲ/ਐਲ ਹੋਣਾ ਚਾਹੀਦਾ ਹੈ। ਟਾਈਪ -1, ਟਾਈਪ -2 ਡਾਇਬਟੀਜ਼ ਤੋਂ ਪੀੜਤ ਬੱਚਿਆਂ ਦੇ ਬਲੱਡ ਸ਼ੂਗਰ ਦਾ ਪੱਧਰ 4 ਤੋਂ 7 ਐਮਐਮਓਐਲ/ਐਲ ਹੋਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ “ਡਾਇਬਟੀਜ਼ ਯੂਕੇ” ਦੇ ਸੀਨੀਅਰ ਕਲੀਨਿਕਲ ਸਲਾਹਕਾਰ ਐਸਟਰ ਵਾਲਡੇਨ ਦਾ ਕਹਿਣਾ ਹੈ ਕਿ ਟਾਈਪ 2 ਸ਼ੂਗਰ ਵਾਲੇ ਲੋਕ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰ ਕੇ ਦਿਲ ਦੇ ਦੌਰੇ, ਸਟ੍ਰੋਕ, ਗੁਰਦੇ ਫੇਲ੍ਹ ਹੋਣ ਅਤੇ ਅੱਖਾਂ ਦੀਆਂ ਸਮੱਸਿਆਵਾਂ ਦੇ ਜੋਖਮ ਨੂੰ ਘਟਾ ਸਕਦੇ ਹਨ। ਇਸ ਸੰਬੰਧ ‘ਚ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਜੂਸ ਦਾ ਇੱਕ ਛੋਟਾ ਜਿਹਾ ਗਲਾਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਇਸ ਦੇ ਨਾਲ ਹੀ ਇੱਕ ਤਾਜ਼ਾ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਨਾਰ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ 15 ਮਿੰਟਾਂ ਵਿੱਚ ਘੱਟ ਹੋ ਸਕਦਾ ਹੈ। ਅਧਿਐਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਅਤੇ ਉਨ੍ਹਾਂ ਨੂੰ ਸੂਗਰ ਵਾਲੀ ਡ੍ਰਿੰਕ ਤੇ ਅਨਾਰ ਦਾ ਜੂਸ ਦਿੱਤਾ ਗਿਆ। ਇਸ ਅਧਿਐਨ ‘ਚ ਖੋਜਕਰਤਾਵਾਂ ਨੇ ਦੇਖਿਆ ਕਿ ਅਨਾਰ ਦਾ ਜੂਸ ਸਰੀਰ ਵਿੱਚ ਗਲੂਕੋਜ਼ ਪ੍ਰਤੀਕ੍ਰਿਆ ਨੂੰ ਘੱਟ ਕਰਦਾ ਹੈ। ਰਿਸਰਚ ਤੋਂ ਪਤਾ ਚੱਲਦਾ ਹੈ ਕਿ ਅਨਾਰ ਦਾ ਜੂਸ ਸ਼ੂਗਰ ਤੋਂ ਪੀੜਤ ਲੋਕਾਂ ਦੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਨਾਲ ਹੀ ਅਨਾਰ ਵਿੱਚ ਬਹੁਤ ਘੱਟ ਮਾਤਰਾ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ। 100 ਗ੍ਰਾਮ ਅਨਾਰ ਵਿੱਚ ਸਿਰਫ 19 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ।