ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਬੁੱਧਵਾਰ ਨੂੰ ਵੋਟਿੰਗ ਨੂੰ ਲੈ ਕੇ ਲੋਕਾਂ ‘ਚ ਜ਼ਿਆਦਾ ਉਤਸ਼ਾਹ ਨਹੀਂ ਸੀ। ਸਾਰੀਆਂ ਪਾਰਟੀਆਂ ਦੀ ਪੂਰੀ ਤਾਕਤ ਅਤੇ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਤਦਾਨ 54 ਫੀਸਦੀ ਤੱਕ ਹੀ ਪਹੁੰਚ ਸਕਿਆ। 2019 ‘ਚ 63 ਫੀਸਦੀ ਪੋਲਿੰਗ ਹੋਈ ਸੀ। ਇਹ ਅੰਕੜਾ ਪਿਛਲੀਆਂ ਚੋਣਾਂ ਨਾਲੋਂ ਨੌਂ ਫੀਸਦੀ ਘੱਟ ਹੈ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਵੋਟ ਪ੍ਰਤੀਸ਼ਤ 65 ਫੀਸਦੀ ਦੇ ਕਰੀਬ ਰਹੇਗੀ ਪਰ ਅਜਿਹਾ ਨਹੀਂ ਹੋਇਆ। ਹੁਣ 54 ਫੀਸਦੀ ਪੋਲਿੰਗ ਤੋਂ ਬਾਅਦ ਸਾਰੇ ਉਮੀਦਵਾਰਾਂ ਨੇ ਜਿੱਤ-ਹਾਰ ਦਾ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿੱਤ-ਹਾਰ ਦਾ ਅੰਤਰ ਬਹੁਤ ਘੱਟ ਹੋਵੇਗਾ।
ਸਵੇਰੇ 8 ਵਜੇ ਪੋਲਿੰਗ ਸ਼ਾਂਤੀਪੂਰਵਕ ਸ਼ੁਰੂ ਹੋਈ ਅਤੇ ਗਰਮੀ ਕਾਰਨ ਵੋਟਾਂ ਪੈਣ ਦੀ ਰਫ਼ਤਾਰ ਮੱਠੀ ਰਹੀ। ਪਹਿਲੇ ਘੰਟੇ ‘ਚ ਸਿਰਫ 5.21 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਾਹਕੋਟ ਵਿਧਾਨ ਸਭਾ ਵਿੱਚ ਸਭ ਤੋਂ ਵੱਧ 57 ਫੀਸਦੀ ਅਤੇ ਜਲੰਧਰ ਛਾਉਣੀ ਵਿਧਾਨ ਸਭਾ ਵਿੱਚ ਸਭ ਤੋਂ ਘੱਟ 48.5 ਫੀਸਦੀ ਮਤਦਾਨ ਹੋਇਆ। ਕਰਤਾਰਪੁਰ ‘ਚ 54.0 ਫੀਸਦੀ, ਜਲੰਧਰ ਪੱਛਮੀ ‘ਚ 55.7 ਫੀਸਦੀ, ਫਿਲੌਰ ‘ਚ 55 ਫੀਸਦੀ, ਨਕੋਦਰ ‘ਚ 54.9 ਫੀਸਦੀ, ਜਲੰਧਰ ਉੱਤਰੀ ‘ਚ 54.4 ਫੀਸਦੀ, ਆਦਮਪੁਰ ‘ਚ 53.4 ਫੀਸਦੀ ਅਤੇ ਜਲੰਧਰ ਸੈਂਟਰਲ ‘ਚ 48.6 ਫੀਸਦੀ ਪੋਲਿੰਗ ਹੋਈ।