ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਸ਼ਨੀਵਾਰ ਨੂੰ ਇਕ ਸ਼ਾਪਿੰਗ ਸੈਂਟਰ (ਸਿਡਨੀ ਮਾਲ ਸਟੈਬਿੰਗਜ਼) ‘ਚ 6 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਤਸਵੀਰ ‘ਚ ਦਿਖਾਈ ਦੇ ਰਹੀ ਇਸ ਮਹਿਲਾ ਪੁਲਿਸ ਮੁਲਾਜ਼ਮ ਦਾ ਨਾਂ ਇੰਸਪੈਕਟਰ ਐਮੀ ਸਕਾਟ ਹੈ। ਐਮੀ ਨੇ ਹੀ 40 ਸਾਲਾ ਵਿਅਕਤੀ ਨੂੰ ਫੜਿਆ ਸੀ ਜਿਸ ਨੇ ਨੌਂ ਮਹੀਨਿਆਂ ਦੇ ਬੱਚੇ ਸਮੇਤ ਨੌਂ ਲੋਕਾਂ ‘ਤੇ ਹਮਲਾ ਕੀਤਾ ਸੀ। ਹੁਣ ਇਸ ਮਹਿਲਾ ਪੁਲਿਸ ਮੁਲਾਜ਼ਮ ਨੂੰ ਇਸ ਬਹਾਦਰੀ ਦੇ ਲਈ ਸਨਮਾਨਿਤ ਕੀਤਾ ਗਿਆ ਹੈ।
ਮਾਲ ਦੇ ਅੰਦਰ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੰਸਪੈਕਟਰ ਐਮੀ ਸਕਾਟ ਸ਼ਾਪਿੰਗ ਸੈਂਟਰ ‘ਚ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪਿੱਛਾ ਕਰ ਰਹੀ ਹੈ। ਇੱਕ ਕਲਿੱਪ ਵਿੱਚ, ਉਹ ਜ਼ਖਮੀ ਦੁਕਾਨਦਾਰਾਂ ਦੀ ਜਾਂਚ ਕਰਦੇ ਹੋਏ ਦਿਖਾਈ ਦੇ ਰਹੀ ਹੈ, ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਇੱਕ ਨੂੰ ਸੀ.ਪੀ.ਆਰ. ਦਿੰਦਿਆਂ ਵੀ ਦੇਖਿਆ ਹੈ। ਐਮੀ ਦੀ ਬਹਾਦਰੀ ਨੂੰ ਦੇਖ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
ਸਿਡਨੀ, ਆਸਟ੍ਰੇਲੀਆ ਦੇ ਸਿਡਨੀ ਮਾਲ ‘ਚ ਸ਼ਨੀਵਾਰ ਨੂੰ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਲੋਕ ਖਰੀਦਦਾਰੀ ਦਾ ਆਨੰਦ ਲੈ ਰਹੇ ਸਨ। ਅਚਾਨਕ ਇੱਕ ਹਮਲਾਵਰ ਇੱਕ ਵੱਡੇ ਚਾਕੂ ਨਾਲ ਆਇਆ ਅਤੇ ਲੋਕਾਂ ‘ਤੇ ਅੰਨ੍ਹੇਵਾਹ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਬੱਚਿਆਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਹਮਲਾਵਰ ਨੇ ਨੌਂ ਮਹੀਨੇ ਦੇ ਬੱਚੇ ਅਤੇ ਉਸ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ। ਇਸ ਕਤਲੇਆਮ ਵਿੱਚ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਲਾਵਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ।