ਵੀਰਵਾਰ ਨੂੰ ਆਕਲੈਂਡ ਮੋਟਰਵੇਅ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਿਊਜੀਲੈਂਡ ਦਾ ਇੱਕ ਪੁਲਿਸ ਕਾਂਸਟੇਬਲ ਭਾਰਤੀ ਜੋੜੇ ਲਈ ਰੱਬ ਰੂਪ ਬਣਕੇ ਆਇਆ ਸੀ। ਦਰਅਸਲ ਹਸਪਤਾਲ ਜਾ ਰਿਹਾ ਇਹ ਜੋੜਾਂ ਟ੍ਰੈਫਿਕ ਵਿੱਚ ਫਸਿਆ ਹੋਇਆ ਸੀ, ਅਹਿਮ ਗੱਲ ਇਹ ਹੈ ਕਿ ਗੌਰਵ ਪਟੇਲ ਦੀ ਪਤਨੀ ਸ਼ਾਰਦਾ ਦੇ ਬੱਚਾ ਹੋਣ ਵਾਲਾ ਸੀ ਅਤੇ ਉਸਨੂੰ ਲੇਬਰ ਪੇਨ ਵੀ ਹੋ ਰਹੀ ਸੀ ਪਰ ਹਸਪਤਾਲ ਜਾਂਦੇ ਸਮੇ ਜੋੜਾਂ ਟ੍ਰੈਫਿਕ ਵਿੱਚ ਫਸ ਗਿਆ ਸੀ, ਇਸੇ ਦੌਰਾਨ ਕਾਂਸਟੇਬਲ ਸ਼ਾਅ ਉੱਥੇ ਪਹੁੰਚਿਆ ਅਤੇ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਟ੍ਰੈਫਿਕ ਵਿੱਚ ਫਸੇ ਜੋੜੇ ਨੂੰ ਸਮੇਂ ਸਿਰ ਪਹੁੰਚਾਇਆ ਹਸਪਤਾਲ।
ਦਰਅਸਲ ਕਾਂਸਟੇਬਲ ਸ਼ਾਅ ਵੀਰਵਾਰ ਦੁਪਹਿਰ ਨੂੰ ਉੱਤਰੀ ਮੋਟਰਵੇਅ ‘ਤੇ ਗੱਡੀ ਵਿੱਚ ਜਾ ਰਿਹਾ ਸੀ, ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਓਰੇਵਾ ਸਟੇਸ਼ਨ ਵੱਲ ਵਾਪਿਸ ਜਾ ਰਿਹਾ ਸੀ, ਜਦੋਂ ਉਸਨੇ ਐਮਰਜੈਂਸੀ ਰੁਕਣ ਵਾਲੀ ਲੇਨ ਵਿੱਚ ਇੱਕ ਵਾਹਨ ਖੜ੍ਹਾ ਦੇਖਿਆ। ਇਸ ਮਗਰੋਂ ਕਾਂਸਟੇਬਲ ‘ਸ਼ਾਅ’ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਜੋੜੇ ਨੂੰ ਮਦਦ ਦੀ ਜ਼ਰੂਰਤ ਦੇਖ ਦੋਵਾਂ ਨੂੰ ਆਪਣੀ ਪੁਲਿਸ ਦੀ ਗੱਡੀ ਵਿੱਚ ਬੈਠਾਇਆ ਤੇ ਸਾਇਰਨ ਸ਼ੁਰੂ ਕਰਕੇ ਸ਼ਾਰਦਾ ਤੇ ਗੌਰਵ ਨੂੰ ਕਿਸੇ ਤਰੀਕੇ ਸਮਾਂ ਰਹਿੰਦਿਆਂ ਹਸਪਤਾਲ ਪਹੁੰਚਾ ਦਿੱਤਾ। ਇਸ ਮਗਰੋਂ ਸ਼ਾਰਦਾ ਨੇ ਇੱਕ ਪਿਆਰੇ ਪੁੱਤ ਨੂੰ ਜਨਮ ਦਿੱਤਾ। ਉੱਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਹਰ ਕੋਈ ਕਾਂਸਟੇਬਲ ਸ਼ਾਅ ਦੀ ਤਰੀਫ ਕਰ ਰਿਹਾ ਹੈ।