ਆਕਲੈਂਡ ਪੁਲਿਸ ਨੂੰ ਬੀਤੇ ਦਿਨ ਇੱਕ ਹੋਰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਇੱਕ ਵੱਡੇ ਡਰੱਗ ਰੈਕਟ ਦਾ ਭਾਂਡਾ ਭੰਨਿਆ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 44 ਮਿਲੀਅਨ ਤੋਂ ਵੱਧ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਪਿਛਲੇ 4 ਸਾਲਾਂ ਵਿੱਚ ਗਿਰੋਹਾਂ ਅਤੇ ਅਪਰਾਧੀਆਂ ਤੋਂ ਜ਼ਬਤ ਕੀਤੀ ਗਈ ਜਾਇਦਾਦ ਵਿੱਚ 500 ਮਿਲੀਅਨ ਡਾਲਰ ਨੂੰ ਵੀ ਪਾਰ ਕਰ ਲਿਆ ਹੈ, ਅਤੇ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਕੱਲ੍ਹ ਆਕਲੈਂਡ ਭਰ ਵਿੱਚ ਛਾਪੇਮਾਰੀ ਵਿੱਚ ਫੜ੍ਹੇ ਗਏ methamphetamine ਦਾ ਲੱਗਭਗ ਅੱਧਾ ਹਿੱਸਾ ਇੱਕ ਬਾਥਟਬ ਦੇ ਅੰਦਰ ਲੁਕਾਇਆ ਹੋਇਆ ਸੀ।
ਓਪਰੇਸ਼ਨ Worthington ਕਹੇ ਜਾਣ ਵਾਲੇ ਤਾਜ਼ਾ ਸਟਿੰਗ ਵਿੱਚ, ਕੱਲ੍ਹ ਆਕਲੈਂਡ ਖੇਤਰ ਵਿੱਚ 16 ਸਰਚ ਵਾਰੰਟ ਚਲਾਏ ਗਏ ਸਨ, ਜਿਸ ਵਿੱਚ 44 ਕਿਲੋਗ੍ਰਾਮ methamphetamine ਜਿਸਦੀ ਕੀਮਤ 44 ਮਿਲੀਅਨ ਡਾਲਰ, 26 ਕਿਲੋਗ੍ਰਾਮ ਐਫੇਡ੍ਰਾਈਨ (ephedrine ) ਅਤੇ ਸੂਡੋਫੈਡਰਾਈਨ (pseudoephedrine), 5 ਕਿਲੋਗ੍ਰਾਮ ਕੇਟਾਮਾਈਨ (ketamine ) ਅਤੇ 3 ਕਿਲੋਗ੍ਰਾਮ ਐਮਡੀਐਮਏ ਜਿਸ ਦੀ ਕੀਮਤ ਲੱਗਭਗ $ 1 ਮਿਲੀਅਨ ਹੈ ਸ਼ਾਮਿਲ ਹਨ। ਇਸ ਤੋਂ ਇਲਾਵਾ 1 ਮਿਲੀਅਨ ਦੀ ਨਕਦੀ ਅਤੇ 10 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਅਤੇ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਮਹੀਨੇ ਭਰ ਚੱਲੀ ਮੁਹਿੰਮ ਦੇ ਤਹਿਤ 20 ਵਿਅਕਤੀਆਂ ਉੱਤੇ 200 ਤੋਂ ਵੱਧ ਦੋਸ਼ ਲਗਾਏ ਗਏ ਹਨ। ਸਹਾਇਕ ਕਮਿਸ਼ਨਰ ਇਨਵੈਸਟੀਗੇਸ਼ਨ ਲੂਆਨੋ ਸੂ ਸਕਵਾਲਰ (Lauano Sue Schwalger) ਨੇ ਕਿਹਾ ਕਿ ਕੱਲ ਦੀ ਮੁਹਿੰਮ ਨੇ ਸੰਗਠਿਤ ਜੁਰਮ ‘ਤੇ ਪੁਲਿਸ ਦੇ ਨਿਰੰਤਰ ਫੋਕਸ ਦੀ ਸਫਲਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ 1 ਜੁਲਾਈ, 2017 ਨੂੰ ਸਾਲਾਨਾ ਰਿਪੋਰਟਿੰਗ ਟੀਚਾ ਲਾਗੂ ਹੋਣ ਤੋਂ ਬਾਅਦ ਤੋਂ ਪੁਲਿਸ ਨੇ ਲੱਗਭਗ 513 ਮਿਲੀਅਨ ਡਾਲਰ ਦੀ ਨਕਦੀ ਅਤੇ ਜਾਇਦਾਦ ਜ਼ਬਤ ਕੀਤੀ ਹੈ। ਸਾਡਾ ਟੀਚਾ 30 ਜੂਨ ਤੱਕ 500 ਮਿਲੀਅਨ ਡਾਲਰ ਤੱਕ ਪਹੁੰਚਣਾ ਸੀ, ਅਤੇ ਅਜਿਹਾ ਕਰਦੇ ਹੋਏ ਅਸੀਂ ਜਾਣਦੇ ਹਾਂ ਕਿ ਸੰਗਠਿਤ ਜੁਰਮ ‘ਤੇ ਸਾਡਾ ਸਿੱਧਾ ਅਤੇ ਮਹੱਤਵਪੂਰਣ ਪ੍ਰਭਾਵ ਪਿਆ ਹੈ।