ਕਈ organisations ਦੇ ਖਿਲਾਫ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਦੇਸ਼ ਭਰ ਦੇ ਹਸਪਤਾਲਾਂ ਅਤੇ ਸਕੂਲਾਂ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰਾਜਧਾਨੀ ਦੇ ਵੈਲਿੰਗਟਨ ਅਤੇ ਬੋਵੇਨ ਹਸਪਤਾਲ ਅਤੇ ਕ੍ਰਾਈਸਟਚਰਚ ਦੇ ਬਰਵੁੱਡ ਹਸਪਤਾਲ ਦੀ ਤਲਾਸ਼ੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਆਕਲੈਂਡ ਸਿਟੀ ਹਸਪਤਾਲ ਵਿੱਚ ਵੀ ਪਹੁੰਚੀ ਹੈ। ਹਾਲਾਂਕਿ, ਟੇ ਵੱਟੂ ਓਰਾ ਲੋਕਾਂ ਨੂੰ ਭਰੋਸਾ ਦੇ ਰਿਹਾ ਹੈ ਕਿ ਆਮ ਵਾਂਗ ਹਸਪਤਾਲਾਂ ਵਿੱਚ ਜਾਣਾ ਸੁਰੱਖਿਅਤ ਹੈ।
ਸਿੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਧਮਕੀ ਭਰੀ ਈਮੇਲ ਦੇ ਨਤੀਜੇ ਵਜੋਂ ਆਕਲੈਂਡ ਦੇ ਸੇਂਟ ਕੇਨਟੀਗਰਨ ਕਾਲਜ ਨੂੰ ਖਾਲੀ ਕਰ ਦਿੱਤਾ ਗਿਆ ਸੀ। ਜਦੋਂ ਤੱਕ ਪੁਲਿਸ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਹ ਦੁਬਾਰਾ ਨਹੀਂ ਖੁੱਲ੍ਹੇਗਾ। ਬੁਲਾਰੇ ਇਜ਼ਾਬੇਲ ਇਵਾਨਸ ਨੇ ਕਿਹਾ ਕਿ ਇਹ ਘਟਨਾ ਸਕੂਲੀ ਭਾਈਚਾਰਿਆਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ ਅਤੇ ਮੰਤਰਾਲੇ ਦੇ ਦਫ਼ਤਰ ਉਨ੍ਹਾਂ ਸਕੂਲਾਂ ਲਈ ਖੁੱਲ੍ਹੇ ਹਨ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ।
ਅੱਜ ਦੁਪਹਿਰ ਬਾਅਦ ਮੰਤਰਾਲੇ ਨੇ ਕਿਹਾ ਕਿ ਉਹ ਸਿਰਫ਼ ਇੱਕ ਸਕੂਲ ਤੋਂ ਜਾਣੂ ਸੀ ਜਿਸ ਨੂੰ ਅੱਜ ਇੱਕ ਈਮੇਲ ਧਮਕੀ ਮਿਲੀ ਸੀ। ਇਵਾਨਸ ਨੇ ਕਿਹਾ ਕਿ ਸੇਂਟ ਕੇਨਟੀਗਰਨ ਕਾਲਜ ਹੀ ਅਜਿਹਾ ਸੀ ਜਿਸ ਨੂੰ ਈਮੇਲ ਦੀ ਧਮਕੀ ਮਿਲਣ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕੁਝ ਵਿਦਿਆਰਥੀ NCEA ਪ੍ਰੀਖਿਆਵਾਂ ਵਿੱਚ ਬੈਠੇ ਸਨ। NZQA ਮੁਲਾਂਕਣ ਦੇ ਉਪ ਮੁੱਖ ਕਾਰਜਕਾਰੀ ਜੈਨ ਮਾਰਸ਼ਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।
ਵੈਲਿੰਗਟਨ ਦੇ ਬੋਵੇਨ ਹਸਪਤਾਲ ਨੂੰ ਸਵੇਰੇ 9.30 ਵਜੇ ਇੱਕ ਅਪੁਸ਼ਟ ਧਮਕੀ ਬਾਰੇ ਇੱਕ ਈਮੇਲ ਪ੍ਰਾਪਤ ਹੋਈ ਸੀ। ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਲਿਆ ਅਤੇ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤਾ। ਇੱਕ ਬਿਆਨ ਵਿੱਚ, ਮੁੱਖ ਸੰਚਾਲਨ ਅਧਿਕਾਰੀ ਸਟੀਫਨ ਜੌਹਨਸਟਨ ਨੇ ਕਿਹਾ ਕਿ ਪੁਲਿਸ ਨੂੰ ਧਮਕੀ ਬਾਰੇ ਤੁਰੰਤ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਵਾਰ ਮੌਕੇ ‘ਤੇ ਅਧਿਕਾਰੀਆਂ ਨੇ ਹਸਪਤਾਲ ਦੀ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਸੀ। ਜੌਹਨਸਟਨ ਨੇ ਕਿਹਾ ਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬੋਵੇਨ ਹਸਪਤਾਲ ਸੁਰੱਖਿਅਤ ਹੈ।