ਪੂਰਬੀ ਆਕਲੈਂਡ ਵਿੱਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਦੀ ਮੌਤ ਲਈ ਇੱਕ 21 ਸਾਲਾਂ ਪੁਲਿਸ ਅਧਿਕਾਰੀ ਨੂੰ ਦੋਸ਼ੀ ਪਾਇਆ ਗਿਆ ਹੈ। ਦਰਅਸਲ ਪੁਲਿਸ ਅਧਿਕਾਰੀ ਨੂੰ ਲਿਮਟ ਤੋਂ ਜ਼ਿਆਦਾ ਸ਼ਰਾਬ ਪੀਣ ਦਾ ਵੀ ਦੋਸ਼ੀ ਮੰਨਿਆ ਗਿਆ ਹੈ। Jada Manase ਨੇ ਅੱਜ ਸਵੇਰੇ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵਿੱਚ ਇੱਕ ਦੋਸ਼ੀ ਪਟੀਸ਼ਨ ਵੀ ਦਾਖਲ ਕੀਤੀ ਸੀ। ਸ਼ਨੀਵਾਰ, 17 ਸਤੰਬਰ ਨੂੰ ਸਵੇਰੇ 8 ਵਜੇ ਤੋਂ ਬਾਅਦ ਫਲੈਟ ਬੁਸ਼ ਵਿੱਚ ਸਟੈਨਕੋਮਬ ਰੋਡ ‘ਤੇ 69 ਸਾਲਾ ਡੇਵਿਡ ਲੇਨ ਦੀ ਮੌਤ ਹੋ ਗਈ ਸੀ। ਡੇਵਿਡ ਦਾ ਸਾਈਕਲ, ਸਾਈਕਲ ਲੇਨ ‘ਤੇ ਪਾਇਆ ਗਿਆ ਸੀ ਅਤੇ ਇਸ ਦੌਰਾਨ ਦੋ ਪਾਰਕ ਕੀਤੀਆਂ ਕਾਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ।
ਸ਼ੁਰੂਆਤੀ ਤੌਰ ‘ਤੇ ਪੁਲਿਸ ਨੇ ਕਿਹਾ ਕਿ ਇੱਕ ਆਫ-ਡਿਊਟੀ ਅਧਿਕਾਰੀ ਤੋਂ ਘਟਨਾ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਇਹ ਸੁਤੰਤਰ ਪੁਲਿਸ ਆਚਾਰ ਅਥਾਰਟੀ ਨੂੰ ਵੀ ਭੇਜਿਆ ਜਾ ਰਿਹਾ ਹੈ। ਅੱਜ ਅਦਾਲਤ ਵਿੱਚ ਮਾਨਸੇ ਦੇ ਵਕੀਲ ਨੇ ਕਿਹਾ ਕਿ ਲੇਨ ਦੇ ਪਰਿਵਾਰ ਨੂੰ ਲਿਖਤੀ ਮੁਆਫੀ ਭੇਜ ਦਿੱਤੀ ਗਈ ਹੈ ਅਤੇ ਸਵੀਕਾਰ ਕਰ ਲਈ ਗਈ ਹੈ। ਲਿਮਟ ਤੋਂ ਜ਼ਿਆਦਾ ਸ਼ਰਾਬ ਦੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਜਾਂ $20,000 ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾ ਜਨਵਰੀ ਦੇ ਵਿੱਚ ਤੈਅ ਕੀਤੀ ਗਈ ਹੈ।