ਸੜਕਾਂ ‘ਤੇ ਹੁਲੜਬਾਜ਼ੀ ਕਰਨ ਵਾਲਿਆਂ ‘ਤੇ ਹੁਣ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕੈਂਟਰਬਰੀ ਪੁਲਿਸ ਨੇ ਸਮਾਜ-ਵਿਰੋਧੀ ਡ੍ਰਾਈਵਿੰਗ ਵਿਵਹਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਅਪਰੇਸ਼ਨ ਵਿੱਚ 20 ਵਾਹਨਾਂ ਨੂੰ ਲੱਭ ਕੇ ਜ਼ਬਤ ਕੀਤਾ ਹੈ। ਓਪਰੇਸ਼ਨ ਟੋਂਕਾ ਜ਼ਰੀਏ ਹੁਣ ਤੱਕ ਉੱਤਰੀ ਕ੍ਰਾਈਸਟਚਰਚ ਦੇ ਕੈਨਗਾ ਵਿਖੇ ਕੁੱਲ 33 ਵਾਹਨਾਂ ਦੀ ਪਛਾਣ ਕੀਤੀ ਗਈ ਹੈ। ਬਾਕੀ 13 ਵਾਹਨਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ, “ਪੁਲਿਸ ਨੂੰ ਤਿੰਨ ਮਹੀਨੇ ਪਹਿਲਾਂ ਮੇਨ ਨਾਰਥ ਰੋਡ ਅਤੇ ਲਿੰਕ ਰੋਡ ‘ਤੇ ਲਗਾਤਾਰ ਸਮੱਸਿਆਵਾਂ ਬਾਰੇ ਪਤਾ ਲੱਗਾ ਸੀ।””ਪੁਲਿਸ ਨੂੰ ਨਿਯਮਿਤ ਤੌਰ ‘ਤੇ ਰਿਪੋਰਟ ਮਿਲ ਰਹੀ ਸੀ ਕਿ ਸਮਾਜ ਵਿਰੋਧੀ ਸੜਕ ਉਪਭੋਗਤਾ ਅਕਸਰ ਉੱਥੇ ਇਕੱਠੇ ਹੁੰਦੇ ਹਨ, ਜਿਸ ਨਾਲ ਨੇੜਲੇ ਕਾਰੋਬਾਰਾਂ ਅਤੇ ਵਾਹਨ ਚਾਲਕਾਂ ਲਈ ਖੇਤਰ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।”
ਕੁਝ ਵਾਹਨਾਂ ਨੂੰ ਕਈ ਅਪਰਾਧਾਂ ਨਾਲ ਜੋੜਿਆ ਗਿਆ ਹੈ। “ਕੁੱਲ ਮਿਲਾ ਕੇ ਹਫਤੇ ਦੇ ਅੰਤ ਵਿੱਚ 110 ਅਪਰਾਧ ਦਰਜ ਕੀਤੇ ਗਏ ਹਨ।” ਆਕਲੈਂਡ ਮੋਟਰਵੇਜ਼ ਦੇ ਮੈਨੇਜਰ ਸੀਨੀਅਰ ਸਾਰਜੈਂਟ ਸਕੌਟ ਕਨਿੰਘਮ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਸਪੱਸ਼ਟ ਤੌਰ ‘ਤੇ ਮੂਰਖਤਾਪੂਰਨ ਵਿਵਹਾਰ ਲਈ ਜ਼ਿੰਮੇਵਾਰ ਠਹਿਰਾਉਣ ਜਾ ਰਹੇ ਹਾਂ।” ਉਨ੍ਹਾਂ ਕਿਹਾ ਕਿ, “ਇਹ ਡਰਾਈਵਰ ਅਜਿਹੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਵਾਹਨ ਚਲਾਉਂਦੇ ਹੋਏ ਅਤੇ ਜਨਤਕ ਸੜਕਾਂ ਨੂੰ ਆਪਣੇ ਖੇਡ ਦੇ ਮੈਦਾਨ ਵਜੋਂ ਵਰਤਦੇ ਹੋਏ ਦੂਜੇ ਰਾਹਗੀਰਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਨ।”