ਪੁਲਿਸ ਨੇ ਆਕਲੈਂਡ ‘ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੀ ਮੌਤ ਦੇ ਮਾਮਲੇ ‘ਚ ਦੂਜੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰਮਨਦੀਪ ਸਿੰਘ ਦੀ ਲਾਸ਼ ਸੋਮਵਾਰ ਸਵੇਰੇ ਮੈਸੀ ਦੇ ਰਾਇਲ ਰਿਜ਼ਰਵ ਪਾਰਕ ਵਿੱਚ ਮਿਲੀ ਸੀ। ਪੋਸਟ ਮਾਰਟਮ ਤੋਂ ਪਤਾ ਚੱਲਿਆ ਹੈ ਕਿ ਉਸ ਦੀ ਮੌਤ ਹਮਲੇ ਵਿੱਚ ਲੱਗੀਆਂ ਸੱਟਾਂ ਕਾਰਨ ਹੋਈ ਹੈ। ਹੁਣ ਇਸ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ 17 ਸਾਲਾ ਨੌਜਵਾਨ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ ਸ਼ਨੀਵਾਰ ਨੂੰ ਵੈਤਾਕੇਰੇ ਜ਼ਿਲ੍ਹਾ ਯੁਵਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫਤਾਰੀ ਇੱਕ 26 ਸਾਲਾ ਵਿਅਕਤੀ ਦੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਹੋਈ ਹੈ, ਜਿਸ ਉੱਤੇ ਵੀ ਕਤਲ ਦਾ ਦੋਸ਼ ਹੈ।
ਰਮਨਦੀਪ ਸਿੰਘ 25 ਸਾਲਾ ਦਾ ਨੌਜਵਾਨ ਸੀ ਜੋ 2018 ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਸੀ ਅਤੇ ਉਹ ਆਰਮਰਗਾਰਡ ਲਈ ਇੱਕ ਠੇਕੇਦਾਰ ਵਜੋਂ ਕੰਮ ਕਰਦਾ ਸੀ। ਇੱਕ ਬਿਆਨ ਵਿੱਚ, ਡਿਟੈਕਟਿਵ ਇੰਸਪੈਕਟਰ ਐਰੋਨ ਪ੍ਰੋਕਟਰ ਨੇ ਕਿਹਾ ਕਿ ਪੁਲਿਸ ਉਸ ਦੇ ਕਤਲ ਤੱਕ ਦੀਆਂ ਘਟਨਾਵਾਂ ਨੂੰ ਜੋੜਨਾ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ, “ਸਾਡੀ ਜਾਂਚ ਟੀਮ ਰਮਨਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ਰਮਨਦੀਪ ਸਿੰਘ ਦੇ ਪਰਿਵਾਰ ਨੂੰ ਵੀ ਤਾਜ਼ਾ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ ਗਿਆ ਹੈ।