ਪਿਛਲੇ ਮਹੀਨੇ ਦੇ ਅਖੀਰ ਵਿੱਚ ਕੇਂਦਰੀ ਵੈਲਿੰਗਟਨ ਵਿੱਚ ਗੋਲੀਬਾਰੀ ਕਰ ਤਿੰਨ ਲੋਕਾਂ ਨੂੰ ਜ਼ਖਮੀ ਕਰਨ ਵਾਲੇ ਇੱਕ 29 ਸਾਲਾ ਵਿਅਕਤੀ ਨੂੰ ਪੁਲਿਸ ਨੇ ਫਲੈਕਸਮੇਰ ਦੇ ਇੱਕ ਘਰ ਨੂੰ ਦੋ ਘੰਟਿਆਂ ਤੱਕ ਘੇਰਾ ਪਾਉਣ ਤੋਂ ਬਾਅਦ ਆਖਰ ਗ੍ਰਿਫਤਾਰ ਕਰ ਲਿਆ ਹੈ। ਮਾਨਾ ਲੌਸਨ 23 ਅਪ੍ਰੈਲ ਨੂੰ ਡਿਕਸਨ ਸਟਰੀਟ, ਵੈਲਿੰਗਟਨ ਵਿਖੇ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਟਿਮ ਲੀਚ ਨੇ ਇੱਕ ਬਿਆਨ ਵਿੱਚ ਖੁਲਾਸਾ ਕੀਤਾ, ਕਿ ਪੁਲਿਸ ਨੇ ਲਾਸਨ ਨੂੰ ਗੈਰਕਾਨੂੰਨੀ ਹਥਿਆਰ ਰੱਖਣ ਲਈ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕੀਤਾ ਸੀ। ਉਹ ਹਥਿਆਰਾਂ ਦੇ ਦੋਸ਼ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਤਿੰਨ ਦੋਸ਼ਾਂ ‘ਤੇ 7 ਮਈ ਨੂੰ ਹੇਸਟਿੰਗਜ਼ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ।
ਲੀਚ ਨੇ ਕਿਹਾ, “ਪੁਲਿਸ ਨੇ ਅੱਜ ਸ਼ਾਮ ਨੂੰ ਆਦਮੀ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ – ਜਿਨ੍ਹਾਂ ਵਿੱਚ ਇੱਕ 27 ਸਾਲਾ ਅਤੇ 29 ਸਾਲਾ ਮਹਿਲਾਵਾਂ ਸ਼ਾਮਿਲ ਹਨ।” ਪੁਲਿਸ ਦੋਵਾਂ ਔਰਤਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਫਿਲਹਾਲ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ। ਪੁਲਿਸ ਨੇ ਗੋਲੀਬਾਰੀ ਦੇ ਦੋ ਪੀੜਤਾਂ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਜੋ ਦੋ ਵਿਅਕਤੀ ਆਈਸੀਯੂ ਵਿੱਚ ਗੰਭੀਰ ਹਾਲਤ ਵਿੱਚ ਸਨ, ਹੁਣ ਦੋਵੇਂ ਸਥਿਰ ਹਾਲਤ ਵਿੱਚ ਹਨ।