ਨਿਊਜ਼ੀਲੈਂਡ ‘ਚ ਪਿਛਲੇ ਕੁੱਝ ਸਮੇਂ ਤੋਂ ਅਪਰਾਧਿਕ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ। ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ, ਪਰ ਇਸ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਵਾਰਦਾਤਾਂ ‘ਚ ਜਿਆਦਾਤਰ ਨਬਾਲਗ ਨੌਜਵਾਨ ਸ਼ਾਮਿਲ ਹਨ। ਜਿਨ੍ਹਾਂ ਦੀਆਂ ਗਤੀਵਿਧੀਆਂ ਨੇ ਪੁਲਿਸ ਅਤੇ ਮਾਪਿਆਂ ਦੀ ਚਿੰਤਾਵਾਂ ‘ਚ ਵਾਧਾ ਕਰ ਦਿੱਤਾ ਹੈ। ਇਸ ਦੌਰਾਨ ਹੁਣ ਪੁਲਿਸ ਨੇ 11 ਤੋਂ 16 ਸਾਲ ਦੀ ਉਮਰ ਦੇ ਪੰਦਰਾਂ ਨੌਜਵਾਨਾਂ ਨੂੰ ਆਕਲੈਂਡ ਵਿੱਚ ਰਾਤੋ-ਰਾਤ ਵਾਹਨ ਚੋਰੀ ਕਰ ਭੱਜਣ ਦੀਆਂ ਘਟਨਾਵਾਂ ਦੌਰਾਨ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਪਹਿਲੀ ਘਟਨਾ ਪਾਪਾਕੁਰਾ ਨੇੜੇ ਰਾਤ ਕਰੀਬ 11:20 ਵਜੇ ਵਾਪਰੀ ਸੀ। ਏ ਦੌਰਾਨ ਮੈਨੂਰੇਵਾ ਨੇੜੇ ਨਾਕੇ ਲਾ ਕੇ ਗੱਡੀ ਨੂੰ ਰੋਕ ਲਿਆ ਗਿਆ ਸੀ। ਪੁਲਿਸ ਨੇ ਕਿਹਾ, “ਇੱਕ ਹੋਰ ਚੋਰੀ ਹੋਈ ਗੱਡੀ ਨੂੰ ਦੱਖਣ-ਪੱਛਮੀ ਮੋਟਰਵੇਅ ‘ਤੇ ਰਾਤ 11.28 ਵਜੇ ਦੇ ਕਰੀਬ ਦੇਖਿਆ ਗਿਆ ਸੀ, ਅਤੇ ਆਖਰਕਾਰ ਮਾਂਗੇਰੇ ਦੇ ਨੇੜੇ ਕਾਬੂ ਕੀਤਾ ਗਿਆ ਸੀ।” ਤੀਜੀ ਘਟਨਾ ਸਵੇਰੇ 1 ਵਜੇ ਦੇ ਕਰੀਬ ਵਾਪਰੀ ਜਦੋਂ ਪੁਲਿਸ ਨੇ ਕਿਹਾ ਕਿ ਗ੍ਰੇ ਲਿਨ ਦੇ ਨੇੜੇ ਇੱਕ ਚੋਰੀ ਦੀ ਗੱਡੀ ਦੇਖੀ ਗਈ ਸੀ ਇਸ ਓ ਇਲਾਵਾ ਪਾਰਨੇਲ ਦੇ ਨੇੜੇ ਇੱਕ ਹੋਰ ਵਾਹਨ ਦੇਖਿਆ ਗਿਆ ਸੀ ਅਤੇ ਦੋਵੇਂ ਉੱਤਰ ਪੱਛਮੀ ਮੋਟਰਵੇਅ ‘ਤੇ ਰੁਕਣ ਵਿੱਚ ਅਸਫਲ ਰਹੇ ਅਤੇ ਭੱਜ ਗਏ ਸੀ। ਇੱਕ ਵਾਹਨ ਨੂੰ ਬਾਅਦ ਵਿੱਚ ਪਾਰਨੇਲ ਵਿੱਚ ਰੋਕਿਆ ਗਿਆ, ਅਤੇ ਦੂਜੇ ਨੂੰ ਨਿਊ ਲਿਨ ਖੇਤਰ ਵਿੱਚ।
ਸਹਾਇਕ ਕਮਿਸ਼ਨਰ ਰਿਚਰਡ ਚੈਂਬਰਜ਼ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 15 ਲੋਕਾਂ ਦੀ ਉਮਰ 11 ਤੋਂ 16 ਸਾਲ ਦਰਮਿਆਨ ਹੈ। ਸਹਾਇਕ ਕਮਿਸ਼ਨਰ ਰਿਚਰਡ ਚੈਂਬਰਜ਼ ਦਾ ਕਹਿਣਾ ਹੈ ਕਿ ਸਟਾਫ ਨੇ ਸਭ ਦਾ ਪਿੱਛਾ ਕਰਨ ਲਈ “ਉਚਿਤ ਰਣਨੀਤੀ” ਵਰਤੀ। ਸਾਡੇ ਸਟਾਫ ਨੇ ਇਨ੍ਹਾਂ ਘਟਨਾਵਾਂ ਨੂੰ ਸੁਰੱਖਿਅਤ ਸਿੱਟੇ ‘ਤੇ ਪਹੁੰਚਾਉਣ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਚੋਰੀ ਹੋਏ ਵਾਹਨਾਂ ਦੀਆਂ ਘਟਨਾਵਾਂ ‘ਚ ਸ਼ਾਮਿਲ ਲੋਕਾਂ ਨੂੰ ਵੀ ਫੜਿਆ ਹੈ।” ਉਨ੍ਹਾਂ ਕਿਹਾ ਕਿ, “ਚੋਰੀ ਦੀਆਂ ਇੰਨ੍ਹਾਂ ਘਟਨਾਵਾਂ ਬਾਰੇ ਪੁੱਛਗਿੱਛ ਜਾਰੀ ਰਹੇਗੀ, ਨਤੀਜੇ ਵਜੋਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ।” ਪਾਪਾਕੁਰਾ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਖੇਤਰ ਵਿੱਚ ਨੌਜਵਾਨ ਕਾਰ ਚੋਰਾਂ ਦੀ “ਦਹਿਸ਼ਤ” ਕਾਰਨ ਡਰੇ ਹੋਏ ਹਨ।