ਨਿਊਜ਼ੀਲੈਂਡ ‘ਚ ਸਟੋਰਾਂ ‘ਤੇ ਹੁੰਦੀਆਂ ਚੋਰੀਆਂ ਨੇ ਜਿੱਥੇ ਪ੍ਰਸ਼ਾਸਨ ਨੂੰ ਸਤਾਇਆ ਹੋਇਆ ਹੈ ਉੱਥੇ ਹੀ ਹੁਣ ਪਾਵਰਲਾਈਨਾਂ ਤੋਂ ਤਾਂਬੇ ਚੋਰੀ ਦੀਆਂ ਘਟਨਾਵਾਂ ‘ਚ ਹੋਏ ਵਾਧੇ ਨੇ ਵੀ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਤਾਜ਼ਾ ਮਾਮਲਾ ਕ੍ਰਾਈਸਚਰਚ ਤੋਂ ਸਾਹਮਣੇ ਆਇਆ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਪਾਵਰਲਾਈਨ ਚੋਰੀ ਅਤੇ ਛੇੜਛਾੜ ਦੀਆਂ ਰਿਪੋਰਟਾਂ ਵੱਧ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ, “ਚੋਰੀਆਂ ਪੂਰੇ ਕ੍ਰਾਈਸਚਰਚ ਵਿੱਚ ਹੋ ਰਹੀਆਂ ਹਨ।” ਸਭ ਤੋਂ ਜਿਆਦਾ ਚੋਰੀਆਂ ਐਡੀਂਗਟਨ ਦੀ ਡਿਜ਼ਰੇਲੀ ਸਟਰੀਟ, ਹਿੱਲਵਿਊ ਦੇ ਆਲੇ-ਦੁਆਲੇ ਦਾ ਇਲਾਕਾ, ਫਿਲਿਪਸ ਟਾਊਨ ਦਾ ਫਿਲਿਪਸ ਰੋਡ ਤੇ ਬ੍ਰੋਗਮ ਸਟਰੀਟ ਵਿੱਚ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਵੈਸਟ ਮੇਲਟਨ, ਹਾਲਸਵੇਲ ਅਤੇ ਮਾਰਸ਼ਲੈਂਡਜ਼ ਵਿੱਚ ਵੀ ਮਾਮਲੇ ਸਾਹਮਣੇ ਆਏ ਹਨ – ਅਤੇ ਇੱਕ ਮੌਕੇ ‘ਤੇ ਇੱਕ ਟੁੱਟੀ ਹੋਈ ਪਾਵਰਲਾਈਨ ਪ੍ਰੀਸਕੂਲ ਦੇ ਬਾਹਰ ਛੱਡ ਦਿੱਤੀ ਗਈ ਸੀ। ਜਿਸ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। “ਪੁਲਿਸ ਜਾਂਚ ਦੇ ਹਿੱਸੇ ਵਜੋਂ ਸਥਾਨਕ ਸਕ੍ਰੈਪ ਮੈਟਲ ਡੀਲਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਤਾਕਿ ਚੋਰੀ ਦਾ ਸਮਾਨ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਅਜਿਹੀਆਂ ਚੋਰੀਆਂ ‘ਚ ਚੋਰ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ‘ਚ ਵੀ ਪਾਉਂਦੇ ਹਨ। ਉੱਥੇ ਹੀ ਬੱਤੀ ਗੁਲ ਹੋਣ ਕਾਰਨ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।