ਪੋਲੈਂਡ ਦੇ ਵੀਜ਼ਾ ਘੁਟਾਲੇ ਦੀ ਜਾਂਚ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ‘ਚ ਭਾਰਤ ਨਾਲ ਜੁੜੇ ਕੁੱਝ ਸਨਸਨੀਖੇਜ਼ ਮਾਮਲੇ ਸਾਹਮਣੇ ਆਏ ਹਨ। ਦਰਅਸਲ, ਭਾਰਤੀ ਕਿਸਾਨਾਂ ਲਈ ਪੋਲੈਂਡ ਵਿੱਚ ਵਰਕ ਵੀਜ਼ਾ ਪ੍ਰਾਪਤ ਕਰਨਾ ਆਸਾਨ ਨਹੀਂ ਸੀ, ਇਸ ਲਈ ਦੂਤਘਰ ਦੇ ਅਧਿਕਾਰੀਆਂ ਨੇ ਇੱਕ ਅਜੀਬ ਚਾਲ ਚੱਲੀ। ਮੀਡੀਆ ਰਿਪੋਰਟਾਂ ਮੁਤਾਬਿਕ ਪੋਲੈਂਡ ‘ਚ 2018 ਤੋਂ 2023 ਦਰਮਿਆਨ ਵੀਜ਼ਾ ਨੂੰ ਲੈ ਕੇ ਵੱਡੇ ਪੱਧਰ ‘ਤੇ ਘੁਟਾਲਾ ਹੋਇਆ ਸੀ, ਜਿਸ ਬਾਰੇ ਯੂਰਪੀ ਸੰਘ ਨੇ ਵੀ ਦੇਸ਼ ਤੋਂ ਜਵਾਬ ਮੰਗਿਆ ਸੀ। ਉਸ ਸਮੇਂ ਪੋਲੈਂਡ ਵਿੱਚ ਸੱਜੇ ਪੱਖੀ ਪਾਰਟੀ ਲਾਅ ਐਂਡ ਜਸਟਿਸ ਸੱਤਾ ਵਿੱਚ ਸੀ। ਦੋਸ਼ ਹੈ ਕਿ ਇਸ ਪੂਰੇ ਘੁਟਾਲੇ ਵਿੱਚ ਸਾਬਕਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਸਨ।
ਸੰਸਦ ‘ਚ ਪੇਸ਼ ਵੀਜ਼ਾ ਘੁਟਾਲੇ ਦੀ ਮੁੱਢਲੀ ਜਾਂਚ ਰਿਪੋਰਟ ਮੁਤਾਬਿਕ ਅਧਿਕਾਰੀਆਂ ਨੇ ਏਸ਼ੀਆ ਅਤੇ ਅਫਰੀਕਾ ਦੇ ਦੂਤਾਵਾਸਾਂ ਤੋਂ ਵੀਜ਼ਾ ਮੰਗਣ ਵਾਲੇ ਲੋਕਾਂ ਤੋਂ 30 ਲੱਖ ਰੁਪਏ ਤੱਕ ਦੀ ਰਿਸ਼ਵਤ ਲਈ ਸੀ। ਭਾਰਤ ਵਿੱਚ ਖੇਤੀ ਕਰਨ ਵਾਲੇ ਲੋਕਾਂ ਨੂੰ ਵੀਜ਼ਾ ਮਿਲਣਾ ਔਖਾ ਸੀ, ਇਸ ਲਈ ਉਨ੍ਹਾਂ ਨੂੰ ਬਾਲੀਵੁੱਡ ਫਿਲਮ ਮੇਕਰ ਦੱਸ ਕੇ ਵਰਕ ਵੀਜ਼ਾ ਦਿੱਤਾ ਗਿਆ ਸੀ। ਪੋਲੈਂਡ ਦੀ ਸੰਸਦ ਵੱਲੋਂ ਗਠਿਤ ਵਿਸ਼ੇਸ਼ ਕਮੇਟੀ ਦੀ ਇਸ ਜਾਂਚ ਰਿਪੋਰਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੈਥਿਊਜ਼ ਮੋਰਾਵੀਕੀ, ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਗ੍ਰਹਿ ਮੰਤਰੀ ਦੇ ਨਾਂ ਵੀ ਸ਼ਾਮਿਲ ਹਨ। ਰਿਪੋਰਟ ਮੁਤਾਬਿਕ ਪੋਲੈਂਡ ਦੀ ਤਤਕਾਲੀ ਸਰਕਾਰ ਨੇ ਭਾਰੀ ਰਿਸ਼ਵਤ ਲੈ ਕੇ ਹਜ਼ਾਰਾਂ ਵੀਜ਼ੇ ਜਾਰੀ ਕੀਤੇ ਸਨ। ਆਡਿਟ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪੋਲੈਂਡ ਦੀ ਇੱਕ ਏਜੰਸੀ ਨੇ 6 ਸਾਲਾਂ ‘ਚ ਕਰੀਬ 4200 ਵੀਜ਼ੇ ਜਾਰੀ ਕੀਤੇ ਸਨ, ਦੋਸ਼ ਹੈ ਕਿ ਇਨ੍ਹਾਂ ‘ਚੋਂ ਕੁਝ ਮਾਮਲਿਆਂ ‘ਚ ਏਜੰਸੀ ਨੇ 7 ਲੱਖ ਰੁਪਏ ਤੱਕ ਦੀ ਵਸੂਲੀ ਕੀਤੀ ਸੀ। ਇਸ ਦੇ ਨਾਲ ਹੀ ਪੋਲੈਂਡ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਦੂਤਘਰ ਦੇ ਅਧਿਕਾਰੀਆਂ ‘ਤੇ ਦਬਾਅ ਪਾਇਆ, ਇੰਨਾ ਹੀ ਨਹੀਂ ਰੂਸੀ ਨਾਗਰਿਕਾਂ ਸਮੇਤ ਕਈ ਅਜਿਹੇ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਜੋ ਇਸ ਦੇ ਯੋਗ ਨਹੀਂ ਸਨ।