ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਕੀਤੇ ਗਏ ਐਲਾਨ ਦੌਰਾਨ ਪੀਐੱਮ ਟਰੂਡੋ ਨੇ ਦੱਸਿਆ ਕਿ ਕੈਨੇਡਾ ਵਿੱਚ 20 ਸਤੰਬਰ ਨੂੰ ਮੱਧਕਾਲੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਦਰਅਸਲ, ਟਰੂਡੋ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੂਡੋ ਨੇ ਗਵਰਨਰ ਜਨਰਲਮੈਰੀ ਸਾਈਮਨ ਨਾਲ ਮੁਲਾਕਾਤ ਕਰ ਕੇ ਸੰਸਦ ਨੂੰ ਭੰਗ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਟਰੂਡੋ ਸੰਸਦ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਵੈਕਸੀਨੇਸ਼ਨ ਦਾ ਹਵਾਲਾ ਦੇ ਕੇ ਮੁੜ ਤੋਂ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ।
ਦੱਸ ਦੇਈਏ ਕਿ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਤੁਹਾਡੀ ਸਰਕਾਰ ਜੋ ਵੀ ਫੈਸਲਾ ਲੈਂਦੀ ਹੈ ਉਹ ਉਸ ਭਵਿੱਖ ਨੂੰ ਤੈਅ ਕਰੇਗਾ ਜਿਸ ਵਿੱਚ ਤੁਹਾਡੇ ਬੱਚੇ ਤੇ ਉਨ੍ਹਾਂ ਦੇ ਬੱਚੇ ਵੱਡੇ ਹੋਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਵਿਚਾਲੇ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬੇਸ਼ੱਕ ਟਰੂਡੋ ਪਹਿਲਾਂ ਦੀ ਤਰ੍ਹਾਂ ਕੈਨੇਡਾ ਵਿੱਚ ਜ਼ਿਆਦਾ ਪਸੰਦੀਦਾ ਨਹੀਂ ਹਨ, ਪਰ ਉਨ੍ਹਾਂ ਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਮਹਾਂਮਾਰੀ ਦਾ ਸਾਹਮਣਾ ਕੀਤਾ ਹੈ, ਉਸਨੂੰ ਸਫਲ ਕਰਾਰ ਦਿੱਤਾ ਗਿਆ ਹੈ। ਕੈਨੇਡਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਸਾਰੇ ਨਾਗਰਿਕਾਂ ਲਈ ਵਾਧੂ ਮਾਤਰਾ ਵਿੱਚ ਟੀਕਾ ਹੈ।
ਇਸ ਤੋਂ ਇਲਾਵਾ ਹੁਣ ਵੱਖ-ਵੱਖ ਪੋਲ ਦੇ ਸਰਵੇਖਣਾਂ ਦੀ ਗੱਲ ਕਰੀਏ ਤਾਂ ਟਰੂਡੋ ਫਿਰ ਅੱਗੇ ਨਜ਼ਰ ਆ ਰਹੇ ਹਨ ਪਰ ਉਹਨਾਂ ਨੂੰ ਸਪੱਸ਼ਟ ਬਹੁਮਤ ਮਿਲੇਗਾ ਜਾਂ ਨਹੀਂ, ਇਹ ਕਹਿਣਾ ਅਜੇ ਮੁਸ਼ਕਿਲ ਹੋਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਪੰਜਾਬ ਵਿਚ ਵੀ ਦਿਲਚਸਪੀ ਵੇਖਣ ਨੂੰ ਮਿਲੇਗੀ ਅਤੇ ਜਸਟਿਨ ਟਰੂਡੋ ਦੀ ਜਿੱਤ ਲਈ ਲੋਕ ਅਰਦਾਸਾਂ ਅਤੇ ਪਾਠ ਕਰਦੇ ਵੀ ਨਜ਼ਰ ਆਉਣਗੇ।