ਪਾਕਿਸਤਾਨ ਨੂੰ ਸ਼ਾਹਬਾਜ਼ ਸ਼ਰੀਫ ਦੇ ਰੂਪ ‘ਚ ਨਵਾਂ ਪ੍ਰਧਾਨ ਮੰਤਰੀ ਮਿਲੇ ਨੂੰ ਇੱਕ ਹਫਤਾ ਹੋ ਗਿਆ ਹੈ ਪਰ ਹੁਣ ਤੱਕ ਮੰਤਰੀ ਮੰਡਲ ਦਾ ਗਠਨ ਨਹੀਂ ਹੋਇਆ ਹੈ। ਹੁਣ ਸੋਮਵਾਰ ਨੂੰ ਸ਼ਾਹਬਾਜ਼ ਸ਼ਰੀਫ ਨਵੀਂ ਕੈਬਨਿਟ ਦਾ ਗਠਨ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਸ਼ਰੀਫ ਨੇ ਸ਼ਨੀਵਾਰ ਰਾਤ ਨੂੰ ਨਵੀਂ ਕੈਬਨਿਟ ਦਾ ਪੋਰਟਫੋਲੀਓ ਤਿਆਰ ਕਰ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਮਰਾਨ ਨੂੰ ਹਟਾਉਣ ‘ਚ ਸ਼ਰੀਫ ਦਾ ਸਾਥ ਦਿੱਤਾ ਸੀ, ਉਨ੍ਹਾਂ ਨੂੰ ਵੀ ਇਸ ਕੈਬਨਿਟ ‘ਚ ਜਗ੍ਹਾ ਮਿਲੇਗੀ। ਇਮਰਾਨ ਨੂੰ ਬੇਭਰੋਸਗੀ ਮਤੇ ਰਾਹੀਂ ਹਟਾਏ ਜਾਣ ਤੋਂ ਬਾਅਦ ਸ਼ਾਹਬਾਜ਼ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।
ਮਰੀਅਮ ਔਰੰਗਜ਼ੇਬ ਪਾਕਿਸਤਾਨ ਦੀ ਨਵੀਂ ਸੂਚਨਾ ਮੰਤਰੀ ਬਣ ਸਕਦੀ ਹੈ। ਉਨ੍ਹਾਂ ਨੇ ਪਾਕਿਸਤਾਨੀ ਅਖਬਾਰ ਨੂੰ ਦੱਸਿਆ ਕਿ ਸ਼ਰੀਫ ਦੇ ਮੰਤਰੀ ਮੰਡਲ ਦੇ ਨਵੇਂ ਮੈਂਬਰ ਸੋਮਵਾਰ ਨੂੰ ਸਹੁੰ ਚੁੱਕਣਗੇ। ਹਾਲਾਂਕਿ ਮੰਤਰੀਆਂ ਦੀ ਵੰਡ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਰੀਅਮ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੂੰ 14 ਮੰਤਰਾਲੇ ਮਿਲਣ ਦੀ ਉਮੀਦ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਤੋਂ 11 ਮੰਤਰੀ ਬਣਾਏ ਜਾ ਸਕਦੇ ਹਨ। ਇੱਕ ਰਿਪੋਰਟ ਮੁਤਾਬਿਕ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।