ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਦੇਰ ਰਾਤ ਨੂੰ ਹੈਕਰਾਂ ਨੇ ਹੈਕ ਕਰ ਲਿਆ ਅਤੇ ਬਿਟਕੁਆਇਨ ਨਾਲ ਜੁੜਿਆ ਇੱਕ ਟਵੀਟ ਦੇਖ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ, ਜਲਦੀ ਹੀ ਇਸ ਟਵੀਟ ਨੂੰ ਪੀਐਮ ਮੋਦੀ (@narendramodi) ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਹਟਾ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਟਵਿਟਰ ਹੈਂਡਲ ਪੂਰੀ ਤਰ੍ਹਾਂ ਸੁਰੱਖਿਅਤ ਹੋ ਗਿਆ ਹੈ। ਹੈਕਰਾਂ ਨੇ ਟਵੀਟ ਕਰਕੇ ਲਿਖਿਆ ਕਿ ਭਾਰਤ ਨੇ ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ।
ਕੇਂਦਰ ਸਰਕਾਰ ਨੇ ਭਾਰਤ ਵਿੱਚ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਨਹੀਂ ਦਿੱਤੀ ਹੈ। ਅਜਿਹੇ ‘ਚ ਬਿਟਕੁਆਇਨ ਨੂੰ ਲੈ ਕੇ ਹੈਕਰਾਂ ਵਲੋਂ ਕੀਤੇ ਗਏ ਟਵੀਟ ਨੇ ਟਵਿਟਰ ‘ਤੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਬਾਅਦ ਵਿੱਚ ਪੀਐਮਓ ਨੇ ਦੱਸਿਆ ਕਿ ਪੀਐਮ ਮੋਦੀ ਦਾ ਟਵਿੱਟਰ ਹੈਂਡਲ ਸੁਰੱਖਿਅਤ ਹੋ ਗਿਆ ਹੈ। ਹੈਕਰਾਂ ਨੇ ਪੀਐਮ ਮੋਦੀ ਦੇ ਟਵਿਟਰ ਹੈਂਡਲ ਤੋਂ ਦੋ ਟਵੀਟ ਕੀਤੇ ਸੀ। ਪਹਿਲਾ ਟਵੀਟ ਸ਼ਨੀਵਾਰ ਦੇਰ ਰਾਤ 2:11 ‘ਤੇ ਆਇਆ, ਜਿਸ ‘ਚ ਕਿਹਾ ਗਿਆ, ‘ਭਾਰਤ ਨੇ ਅਧਿਕਾਰਤ ਤੌਰ ‘ਤੇ ਬਿਟਕੋਇਨ ਨੂੰ ਕਾਨੂੰਨੀ ਰੂਪ ਦੇ ਦਿੱਤਾ ਹੈ। ਸਰਕਾਰ ਨੇ 500 ਬੀਟੀਸੀ ਖਰੀਦੀ ਹਨ ਅਤੇ ਇਸਨੂੰ ਆਮ ਲੋਕਾਂ ਵਿੱਚ ਵੰਡ ਰਹੀ ਹੈ। ਜਲਦੀ ਕਰੋ ਭਾਰਤ…ਭਵਿੱਖ ਅੱਜ ਆ ਗਿਆ ਹੈ!’ ਇਹ ਟਵੀਟ ਦੋ ਮਿੰਟ ਤੱਕ ਪੀਐਮ ਮੋਦੀ ਦੇ ਟਵਿੱਟਰ ਹੈਂਡਲ ‘ਤੇ ਰਿਹਾ ਅਤੇ ਫਿਰ ਡਿਲੀਟ ਹੋ ਗਿਆ।
ਇਸ ਤੋਂ ਬਾਅਦ ਦੂਜਾ ਟਵੀਟ ਸਿਰਫ 3 ਮਿੰਟ ਦੇ ਅੰਤਰਾਲ ‘ਤੇ ਰਾਤ 2.14 ‘ਤੇ ਕੀਤਾ ਗਿਆ, ਜਿਸ ‘ਚ ਪਹਿਲੇ ਟਵੀਟ ਦੇ ਸ਼ਬਦਾਂ ਨੂੰ ਦੁਹਰਾਇਆ ਗਿਆ। ਪਰ ਕੁੱਝ ਹੀ ਮਿੰਟਾਂ ਵਿੱਚ ਉਹ ਵੀ ਡਿਲੀਟ ਕਰ ਦਿੱਤਾ ਗਿਆ। ਹਾਲਾਂਕਿ ਉਦੋਂ ਤੱਕ ਪੀਐਮ ਮੋਦੀ ਦੇ ਟਵਿੱਟਰ ਅਕਾਊਂਟ ਤੋਂ ਟਵਿਟਰ ‘ਤੇ ਕੀਤੇ ਗਏ ਇਨ੍ਹਾਂ ਟਵੀਟਸ ਦੇ ਸਕਰੀਨਸ਼ਾਟ ਵਾਇਰਲ ਹੋ ਚੁੱਕੇ ਸਨ। ਪ੍ਰਧਾਨ ਮੰਤਰੀ ਦੇ ਅਧਿਕਾਰਤ ਟਵਿਟਰ ਅਕਾਊਂਟ ਦੇ ਹੈਕ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੀਐੱਮਓ ਨੇ ਕਿਹਾ ਕਿ ਪੀਐੱਮ ਮੋਦੀ ਦੇ ਟਵਿੱਟਰ ਅਕਾਊਂਟ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਨੂੰ ਤੁਰੰਤ ਠੀਕ ਕਰ ਲਿਆ ਗਿਆ ਹੈ। ਟਵਿਟਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ, ਪੀਐਮਓ ਨੇ ਕਿਹਾ ਕਿ ਇਸ ਦੌਰਾਨ ਪੀਐਮ ਮੋਦੀ ਦੇ ਅਕਾਊਂਟ ਤੋਂ ਕੀਤੇ ਗਏ ਟਵੀਟਸ ਨੂੰ ਨਜ਼ਰਅੰਦਾਜ਼ ਕਰੋ।