ਵੀਰਵਾਰ ਨੂੰ ਲਾਲ ਕਿਲ੍ਹੇ ਵਿੱਚ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ। ਇਸ ਮੌਕੇ ਪੀਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਗੁਰੂ ਜੀ ਦੇ ਨਾਂ ‘ਤੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਹਾਨ ਸਮਾਗਮ ਵਿੱਚ ਤੁਹਾਡਾ ਸਾਰਿਆਂ ਦਾ ਦਿਲੋਂ ਸੁਆਗਤ ਕਰਦਾ ਹਾਂ। ਸ਼ਬਦ ਕੀਰਤਨ ਸੁਣ ਕੇ ਜੋ ਸਕੂਨ ਮਿਲਿਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਅੱਜ ਮੈਨੂੰ ਗੁਰੂ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸ ਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕਿਰਪਾ ਸਮਝਦਾ ਹਾਂ। ਪੀਐੱਮ ਨੇ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਕਿਹਾ ਸਾਨੂੰ ਗੁਰੂ ਸਹਿਬਾਨਾਂ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ
Blessed to join the 400th Parkash Purab celebrations of Sri Guru Teg Bahadur Ji at the Red Fort pic.twitter.com/cj02zafDW0
— Narendra Modi (@narendramodi) April 21, 2022
ਪੀਐਮ ਮੋਦੀ ਨੇ ਕਿਹਾ- ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਆਪਣੀ ਸੰਸਕ੍ਰਿਤੀ, ਇਸ ਦੇ ਮਾਨ ਅਤੇ ਸਨਮਾਨ ਦੀ ਰੱਖਿਆ ਲਈ ਜੀਣ ਅਤੇ ਮਰਨ ਲਈ ਪ੍ਰੇਰਿਤ ਕੀਤਾ ਹੈ। ਵੱਡੀਆਂ ਸ਼ਕਤੀਆਂ ਅਲੋਪ ਹੋ ਗਈਆਂ ਹਨ, ਵੱਡੇ-ਵੱਡੇ ਤੂਫਾਨ ਸ਼ਾਂਤ ਹੋ ਗਏ ਹਨ, ਪਰ ਭਾਰਤ ਅਜੇ ਵੀ ਅਮਰ ਹੈ, ਅੱਗੇ ਵੱਧ ਰਿਹਾ ਹੈ। ਇਹ ਭਾਰਤ ਭੂਮੀ ਸਿਰਫ਼ ਦੇਸ਼ ਹੀ ਨਹੀਂ ਹੈ, ਸਗੋਂ ਇਹ ਸਾਡੀ ਮਹਾਨ ਵਿਰਾਸਤ, ਮਹਾਨ ਪਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀ-ਮੁਨੀਆਂ, ਗੁਰੂਆਂ ਨੇ ਲੱਖਾਂ ਸਾਲਾਂ ਦੀ ਤਪੱਸਿਆ ਨਾਲ ਸਿੰਜਿਆ ਹੈ, ਇਸਨੂੰ ਵਿਚਾਰਾਂ ਨਾਲ ਭਰਪੂਰ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਾਲ ਕਿਲੇ ਦੇ ਨੇੜੇ ਗੁਰੂ ਤੇਗ ਬਹਾਦਰ ਜੀ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵੀ ਹੈ। ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸੱਭਿਆਚਾਰ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕਿੰਨੀ ਮਹਾਨ ਸੀ। ਉਸ ਸਮੇਂ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਸੀ। ਸਾਡੇ ਭਾਰਤ ਦੇ ਸਾਹਮਣੇ ਅਜਿਹੇ ਲੋਕ ਸਨ, ਜੋ ਧਰਮ ਨੂੰ ਦਰਸ਼ਨ, ਵਿਗਿਆਨ ਅਤੇ ਸਵੈ-ਖੋਜ ਦਾ ਵਿਸ਼ਾ ਸਮਝਦੇ ਸਨ, ਜਿਨ੍ਹਾਂ ਨੇ ਧਰਮ ਦੇ ਨਾਂ ‘ਤੇ ਹਿੰਸਾ ਅਤੇ ਜ਼ੁਲਮ ਕੀਤੇ ਸਨ। ਉਸ ਸਮੇਂ ਭਾਰਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਆਪਣੀ ਪਛਾਣ ਬਚਾਉਣ ਦੀ ਵੱਡੀ ਆਸ ਦਿਖਾਈ ਦਿੱਤੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਬਣ ਕੇ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਵਾਂਗ ਖੜ੍ਹੇ ਸਨ।
ਪੀਐੱਮ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ।“2019 ਵਿੱਚ, ਸਾਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ 2017 ਵਿੱਚ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਪੂਰੀ ਸ਼ਰਧਾ ਨਾਲ ਆਪਣੇ ਗੁਰੂਆਂ ਦੇ ਆਦਰਸ਼ਾਂ ‘ਤੇ ਚੱਲ ਰਿਹਾ ਹੈ। ਇਸ ਮੌਕੇ ਮੈਂ ਸਾਰੇ ਦਸਾਂ ਗੁਰੂਆਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਪ੍ਰਕਾਸ਼ ਪਰਵ ਦੇ ਮੌਕੇ ‘ਤੇ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਵਧਾਈਆਂ। ”