ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਮੁੱਖ ਸਕੱਤਰ ਵਿਜੇ ਕੁਮਾਰ ਝੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਆਸ ਵਿੱਚ ਡੇਰਾ ਰਾਧਾ ਸੁਆਮੀ ਵਿੱਚ ਪੁੱਜੇ, ਜਿੱਥੇ ਉਨ੍ਹਾਂ ਨੇ ਸੰਪਰਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੀ ਡੇਰਾ ਰਾਧਾ ਸੁਆਮੀ ਫੇਰੀ ਤੋਂ ਬਾਅਦ ਇਹ ਚਰਚਾਵਾਂ ਹਨ ਕਿ ਭਾਜਪਾ ਡੇਰਾ ਪੈਰੋਕਾਰਾਂ ਦੀਆਂ ਵੋਟਾਂ ਨੂੰ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ ਤਾਂ ਉਨ੍ਹਾਂ ਦਾ ਸਵਾਗਤ ਬਾਬਾ ਗੁਰਿੰਦਰ ਸਿੰਘ ਨੇ ਖ਼ੁਦ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਉਨ੍ਹਾਂ ਨਾਲ ਪੂਰੇ ਡੇਰੇ ਦਾ ਚੱਕਰ ਲਗਾਇਆ। ਲੰਗਰ ਹਾਲ ਦੇਖਿਆ। ਪੀਐਮ ਮੋਦੀ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਇਸ ਰਸੋਈ ਵਿੱਚ ਇੱਕੋ ਵਾਰ ਲੱਖਾਂ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕੁਕਿੰਗ ਮੈਨੇਜਮੈਂਟ ਤੋਂ ਇਲਾਵਾ ਡੇਰੇ ਦੀ ਸਫਾਈ ਦੇਖ ਕੇ ਉਹ ਕਾਫੀ ਪ੍ਰਭਾਵਿਤ ਹੋਏ। ਪੀਐਮ ਮੋਦੀ ਦੀ ਡੇਰਾ ਮੁਖੀ ਨਾਲ ਬੰਦ ਕਮਰੇ ‘ਚ ਹੋਈ ਇਸ ਮੁਲਾਕਾਤ ਨੂੰ ਸਿਆਸੀ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਪੀਐਮ ਮੋਦੀ ਡੇਰੇ ਤੋਂ ਸਿੱਧੇ ਹਿਮਾਚਲ ਲਈ ਰਵਾਨਾ ਹੋਏ ਹਨ।
ਪੀਐਮ ਮੋਦੀ ਦੀ ਇਹ ਪਹਿਲੀ ਮੁਲਾਕਾਤ ਨਹੀਂ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੀਐਮ ਮੋਦੀ ਅਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਹੋਈ ਸੀ ਪਰ ਇਹ ਮੁਲਾਕਾਤ ਡੇਰੇ ਵਿੱਚ ਨਹੀਂ ਸਗੋਂ ਪੀਐਮ ਮੋਦੀ ਦੇ ਦਫ਼ਤਰ ਵਿੱਚ ਹੋਈ ਸੀ।