ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਲੰਧਰ ‘ਚ ਪੀਏਪੀ ਗਰਾਊਂਡ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਸਮੇਤ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਕੋਲ ਪੂਰਨ ਬਹੁਮਤ ਨਹੀਂ ਸੀ, ਭਾਜਪਾ ਦੇ ਸਮਰਥਨ ਤੋਂ ਬਿਨਾਂ ਉਨ੍ਹਾਂ ਦੀ ਸਰਕਾਰ ਨਹੀਂ ਚੱਲ ਸਕਦੀ ਸੀ। ਉਸ ਸਥਿਤੀ ਵਿੱਚ, ਕੁਦਰਤੀ ਨਿਆਂ ਕਹਿੰਦਾ ਸੀ ਕਿ ਉਪ ਮੁੱਖ ਮੰਤਰੀ ਭਾਜਪਾ ਦਾ ਹੋਣਾ ਚਾਹੀਦਾ ਸੀ। ਪਰ ਉਸ ਸਮੇਂ ਵੀ ਸਾਡੇ ਨਾਲ ਬੇਇਨਸਾਫ਼ੀ ਹੋਈ ਅਤੇ ਬਾਦਲ ਸਾਹਿਬ ਨੇ ਆਪਣੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ।
ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੇ ਕੰਮ ਦੇ ਦਮ ‘ਤੇ ਚੋਣਾਂ ਲੜਦੀ ਹੈ। ਜਿਨ੍ਹਾਂ ਕੋਲ ਕੰਮ ਦਾ ਹਿਸਾਬ-ਕਿਤਾਬ ਨਹੀਂ ਹੈ, ਕੁਝ ਅਜਿਹੇ ਲੋਕ ਵੀ ਪੰਜਾਬ ਵਿੱਚ ਝੂਠ ਦੀ ਖੇਡ ਖੇਡਣ ਆਏ ਹਨ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਰਦੇ ਹਨ ਅਤੇ ਇਹ ਲੋਕ ਖੁਦ ਗਲੀ, ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਮਾਹਿਰ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਕਲਪਨਾ ਕਰੋ ਕਿ ਤੁਹਾਡੇ ਕੋਲ ਬੰਗਲਾ ਹੈ, ਖੇਤ ਹੈ, ਕਾਰ ਹੈ, ਕੋਠੀ ਹੈ, ਤੁਹਾਡਾ ਜੀਵਨ ਚੰਗਾ ਹੈ, ਸਭ ਕੁਝ ਹੈ। ਪਰ ਜੇ ਤੁਹਾਡਾ ਜਵਾਨ ਪੁੱਤ ਨਸ਼ੇ ਵਿੱਚ ਡੁੱਬ ਗਿਆ ਤਾਂ ਤੁਹਾਡੀ ਇਸ ਜਾਇਦਾਦ ਦਾ ਕੀ ਫਾਇਦਾ।
ਕਾਂਗਰਸ ‘ਤੇ ਜਿਸ ਪਰਿਵਾਰ ਦਾ ਕੰਟਰੋਲ ਹੈ ਉਹ ਪੰਜਾਬ ਤੋਂ ਆਪਣੀ ਪੁਰਾਣੀ ਦੁਸ਼ਮਣੀ ਕੱਢਦਾ ਹੈ। ਜਿੰਨਾ ਚਿਰ ਕਾਂਗਰਸ ‘ਤੇ ਉਸ ਪਰਿਵਾਰ ਦਾ ਕਬਜ਼ਾ ਹੈ, ਕਾਂਗਰਸ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਪਾਰਟੀ ਤੋਂ ਉੱਪਰ ਉੱਠ ਕੇ ਦੇਸ਼ ਦੀ ਗੱਲ ਕਰਨ ਵਾਲੀ ਪਾਰਟੀ ਹੀ ਪੰਜਾਬ ਦੀ ਸੇਵਾ ਕਰ ਸਕਦੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਅਸੀਂ ਪੰਜਾਬ ਦੀ ਜਵਾਨੀ, ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।