ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਮੰਗਣ ਲਈ ਪਟਿਆਲਾ ਦੇ ਪੋਲੋ ਗਰਾਊਂਡ ਪੁੱਜੇ ਤਾਂ ਉਨ੍ਹਾਂ ਨੇ ਪੰਜਾਬ ਨਾਲ ਆਪਣੇ ਰਿਸ਼ਤੇ ਬਾਰੇ ਵੀ ਸਭ ਨੂੰ ਦੱਸਿਆ। ਮੋਦੀ ਕੇਸਰੀ ਪੱਗ ਬੰਨ੍ਹ ਕੇ ਸਟੇਜ ‘ਤੇ ਆਏ ਤਾਂ ਪੂਰਾ ਪੰਡਾਲ ਮੋਦੀ ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਜਦੋਂ ਮੋਦੀ ਸੰਬੋਧਨ ਕਰਨ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਮੋਦੀ ਨੇ ਪੰਜਾਬੀ ਵਿੱਚ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੀ ਪੰਜਾਬ ਯਾਤਰਾ ਦੀ ਸ਼ੁਰੂਆਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਧਰਤੀ ਅਤੇ ਕਾਲੀ ਮਾਤਾ ਦੇ ਪਵਿੱਤਰ ਸਥਾਨ ਪਟਿਆਲਾ ਤੋਂ ਕਰਨ ਦਾ ਮੌਕਾ ਮਿਲਿਆ।
ਪੀਐਮ ਮੋਦੀ ਨੇ ਕਿਹਾ ਕਿ ਮੇਰੀਆਂ ਪੰਜਾਬ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇੱਕ ਭਾਜਪਾ ਵਰਕਰ ਹੋਣ ਦੇ ਨਾਤੇ ਮੈਂ ਇੱਥੇ ਕਾਫੀ ਸਮਾਂ ਬਿਤਾਇਆ ਹੈ। ਮੈਂ ਇੱਥੇ ਖੇਤਾਂ ਵਿੱਚ ਘੁੰਮਦਾ ਰਿਹਾ ਹਾਂ। ਮੈਨੂੰ ਯਾਦ ਹੈ ਕਿ ਦੋਸਤਾਂ ਨਾਲ ਬਾਰਾਂਦਰੀ ਗਾਰਡਨ ਵਿੱਚ ਸਵੇਰ ਦੀ ਸੈਰ ਲਈ ਜਾਂਦੇ ਸੀ। ਜੋੜਾ ਭਾਟੀਆ ਚੌਕ ਵਿੱਚ ਸਾਥੀਆਂ ਨਾਲ ਗੱਲਬਾਤ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਅੱਜ ਮੈਨੂੰ ਕਈ ਪੁਰਾਣੇ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲਿਆ। ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ, ਮੇਰਾ ਇਸ ਸਥਾਨ ਨਾਲ ਪਿਆਰ ਵੱਧ ਜਾਂਦਾ ਹੈ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਸਿੱਖਾਂ ਨਾਲ ਜੁੜੇ ਕਈ ਮੁੱਦੇ ਇੱਕ-ਇੱਕ ਕਰਕੇ ਚੁੱਕੇ। ਮੋਦੀ ਨੇ ਕਿਹਾ ਕਿ ਮੇਰਾ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪੰਜ ਪਿਆਰਿਆਂ ਵਿੱਚੋਂ ਇੱਕ ਦਵਾਰਕਾ ਦੇ ਸਨ।
ਜਾਮਨਗਰ ਦਾ ਸਭ ਤੋਂ ਵੱਡਾ ਹਸਪਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਹੈ। ਦਵਾਰਕਾ ਜਾਮਨਗਰ ਜ਼ਿਲ੍ਹੇ ਵਿੱਚ ਹੀ ਆਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਵਿਹਲਾ ਸਮਾਂ ਮਿਲੇ ਲਖਪਤ ਜ਼ਰੂਰ ਆਉਣ। ਗੁਰੂ ਨਾਨਕ ਦੇਵ ਜੀ ਨੇ ਉਥੇ ਆਰਾਮ ਕੀਤਾ ਸੀ। ਉਹ ਗੁਰਦੁਆਰਾ ਭੂਚਾਲ ਵਿੱਚ ਨੁਕਸਾਨਿਆ ਗਿਆ ਸੀ। ਮੈਂ ਉਦੋਂ ਸੀ.ਐਮ. ਸੀ ਮੈਂ ਕਿਹਾ ਸੀ ਕਿ ਮੈਂ ਅਜਿਹਾ ਹੀ ਗੁਰਦੁਆਰਾ ਬਣਾਉਣਾ ਚਾਹੁੰਦਾ ਹਾਂ। ਇਸ ਨੂੰ ਬਣਾਉਣ ਲਈ, ਮੈਂ ਦੇਸ਼ ਭਰ ਦੀ ਯਾਤਰਾ ਕੀਤੀ ਅਤੇ ਮਿੱਟੀ ਲਿਆਇਆ। ਗੁਰੂਦੁਆਰੇ ਬਣਾਉਣ ਵਾਲੇ ਕਾਰੀਗਰਾਂ ਨੂੰ ਲਿਆਂਦਾ। ਅੱਜ ਕੱਛ ਦੇ ਮਾਰੂਥਲ ਵਿੱਚ ਪਿੰਡ ਲਖਪਤ ਵਿੱਚ ਮੈਂ ਪਹਿਲਾਂ ਵਾਂਗ ਹੀ ਗੁਰਦੁਆਰਾ ਬਣਵਾਇਆ ਹੋਇਆ ਹੈ। ਉਥੇ ਕੋਈ ਵੋਟ ਨਹੀਂ ਹੈ। ਮੋਦੀ ਦਾ ਸਿਰ ਗੁਰੂਆਂ ਅੱਗੇ ਝੁਕਦਾ ਹੈ, ਇਸੇ ਲਈ ਉਨ੍ਹਾਂ ਨੇ ਅਜਿਹਾ ਕੀਤਾ। ਸਬਕਾ ਸਾਥ, ਸਬਕਾ ਵਿਕਾਸ ਭਾਜਪਾ ਅਤੇ ਐਨਡੀਏ ਦੀ ਪਛਾਣ ਹੈ।