ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਾਲੀ ਦੇ ਮੁੱਲਾਂਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਹ ਹਸਪਤਾਲ ਦੇਸ਼ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਦਾ ਪ੍ਰਤੀਬਿੰਬ ਹੈ। ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਇਸ ਕੇਂਦਰ ਦਾ ਲਾਭ ਮਿਲੇਗਾ।
ਪੀਐਮ ਨੇ ਕੈਂਸਰ ਪੀੜਤਾਂ ਨੂੰ ਕਿਹਾ ਕਿ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਹਾਂ। ਕੈਂਸਰ ਦਾ ਇਲਾਜ ਸੰਭਵ ਹੈ। ਇਸ ਤੋਂ ਡਰਨ ਦੀ ਨਹੀਂ ਲੜਨ ਦੀ ਲੋੜ ਹੈ। ਇਸ ਲੜਾਈ ਵਿੱਚ ਜੋ ਵੀ ਮਦਦ ਦੀ ਲੋੜ ਹੈ, ਉਹ ਅੱਜ ਕੇਂਦਰ ਸਰਕਾਰ ਮੁਹੱਈਆ ਕਰਵਾ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਦੀ ਜ਼ਰੂਰਤ ਹੈ, ਜੋ ਗਰੀਬ ਤੋਂ ਗਰੀਬ ਦਾ ਧਿਆਨ ਰੱਖ ਸਕੇ। ਇੱਕ ਚੰਗੀ ਸਿਹਤ ਸੰਭਾਲ ਪ੍ਰਣਾਲੀ ਸਿਰਫ਼ ਇੱਕ ਚਾਰਦੀਵਾਰੀ ਬਣਾਉਣੀ ਨਹੀਂ ਹੈ। ਸਿਹਤ ਸੰਭਾਲ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸਿਹਤ ਦੇ ਖੇਤਰ ਵਿੱਚ ਜਿੰਨਾ ਕੰਮ 7-8 ਸਾਲਾਂ ਵਿੱਚ ਹੋਇਆ ਹੈ, ਓਨਾ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ। 2014 ਤੋਂ ਪਹਿਲਾਂ 400 ਤੋਂ ਘੱਟ ਮੈਡੀਕਲ ਕਾਲਜ ਸਨ। ਪਿਛਲੇ 8 ਸਾਲਾਂ ਵਿੱਚ 200 ਤੋਂ ਵੱਧ ਮੈਡੀਕਲ ਕਾਲਜ ਸਥਾਪਤ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ 6 ਮੋਰਚਿਆਂ ‘ਤੇ ਰਿਕਾਰਡ ਨਿਵੇਸ਼ ਕਰ ਰਿਹਾ ਹੈ।