ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬਰਲਿਨ ਵਿੱਚ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਤੋਂ ਪਹਿਲਾਂ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਵਿਚਾਲੇ ਦੋ-ਪੱਖੀ ਗੱਲਬਾਤ ਉਨ੍ਹਾਂ ਦੀ ਵਨ-ਟੂ-ਵਨ ਮੀਟਿੰਗ ਤੋਂ ਬਾਅਦ ਹੋਈ। ਜਾਣਕਾਰੀ ਦੇ ਅਨੁਸਾਰ, ਬੈਠਕ ਖੇਤਰੀ ਅਤੇ ਗਲੋਬਲ ਗਤੀਵਿਧੀਆਂ ਦੇ ਨਾਲ ਸਹਿਯੋਗ ਅਤੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ‘ਤੇ ਕੇਂਦਰਿਤ ਸੀ।
ਵਿਦੇਸ਼ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ, ‘ਦਸੰਬਰ 2021 ਵਿੱਚ ਓਲਾਫ ਸ਼ੋਲਜ਼ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ। ਰਣਨੀਤਕ ਭਾਈਵਾਲਾਂ ਨਾਲ ਸਾਡੀ ਉੱਚ ਪੱਧਰੀ ਗੱਲਬਾਤ ਜਾਰੀ ਹੈ।’ ਓਲਾਫ ਸ਼ੋਲਜ਼ ਨਾਲ ਮੁਲਾਕਾਤ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਨੂੰ ਫੈਡਰਲ ਚਾਂਸਲਰੀ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਹੋਈ ਅਤੇ ਫਿਰ ਵਫ਼ਦ ਪੱਧਰ ‘ਤੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਹੋਈ। ਪੀਐਮ ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਬਰਲਿਨ ਪਹੁੰਚੇ ਹਨ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਉਹ ਬੱਚਿਆਂ ਨੂੰ ਵੀ ਮਿਲੇ।