ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਦ ਅਪੋਸਟਲ’ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਸਨਮਾਨ ਦਾ ਐਲਾਨ 2019 ਵਿੱਚ ਕੀਤਾ ਗਿਆ ਸੀ। ਰੂਸ ਤੋਂ ਬਾਅਦ ਪੀਐਮ ਮੋਦੀ ਅੱਜ ਹੀ ਆਸਟਰੀਆ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ ਵਿਚਕਾਰ ਦੁਵੱਲੀ ਮੀਟਿੰਗ ਹੋਈ। ਬੈਠਕ ‘ਚ ਦੋਹਾਂ ਨੇਤਾਵਾਂ ਨੇ ਅੱਤਵਾਦ, ਆਪਸੀ ਸਹਿਯੋਗ ਅਤੇ ਸ਼ਾਂਤੀ ‘ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਭੂਟਾਨ, ਮਿਸਰ ਅਤੇ ਫਰਾਂਸ ਸਮੇਤ ਕਈ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰ ਚੁੱਕੇ ਹਨ।
ਪੀਐਮ ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਪੁਤਿਨ ਨੇ ਕਿਹਾ, ਪਿਆਰੇ ਦੋਸਤ, ਮੈਂ ਤੁਹਾਨੂੰ ਇਸ ਸਰਵਉੱਚ ਰੂਸੀ ਪੁਰਸਕਾਰ ਲਈ ਦਿਲੋਂ ਵਧਾਈ ਦਿੰਦਾ ਹਾਂ। ਤੁਹਾਡੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕਰਦਾ ਹਾਂ। ਮੈਂ ਭਾਰਤ ਦੇ ਦੋਸਤਾਨਾ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ। ਇਸ ਤੋਂ ਪਹਿਲਾਂ ਪੀਐਮ ਮੋਦੀ ਨੂੰ ਇੱਕ ਨਹੀਂ ਬਲਕਿ 16 ਦੇਸ਼ਾਂ ਤੋਂ ਸਨਮਾਨ ਮਿਲ ਚੁੱਕੇ ਹਨ।