ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਹੈ। ਇਹ ‘ਮਨ ਕੀ ਬਾਤ’ ਪ੍ਰੋਗਰਾਮ ਦਾ 78 ਵਾਂ ਐਡੀਸ਼ਨ ਸੀ। ਇਸ ਪ੍ਰੋਗਰਾਮ ਤੋਂ ਥੋੜ੍ਹੀ ਦੇਰ ਪਹਿਲਾਂ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟੀਕਾਕਰਣ ਨੂੰ ਲੈ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕਸਦਿਆਂ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ‘ਬੱਸ ਹਰ ਦੇਸ਼ ਵਾਸੀ ਤੱਕ ਵੈਕਸੀਨ ਪਹੁੰਚਾ ਦਿਓ, ਫਿਰ ਭਾਵੇਂ ਤੁਸੀਂ ‘ਮਨ ਕੀ ਬਾਤ’ ਸੁਣਾ ਦਿਓ।’ ਰਾਹੁਲ ਗਾਂਧੀ ਨੇ ਟੀਕਾਕਰਨ ਦੇ ਅੰਕੜਿਆਂ ਬਾਰੇ ਇੱਕ ਵੀਡਿਓ ਵੀ ਸਾਂਝੀ ਕੀਤੀ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਿਰੰਤਰ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਵਿੱਚ ਹਾਲਾਤ ਕਾਫੀ ਜਿਆਦਾ ਖਰਾਬ ਹੋ ਗਏ ਸੀ। ਦੇਸ਼ ਦੇ ਹਰ ਸੂਬੇ ਵਿੱਚ ਤਬਾਹੀ ਵਾਲਾ ਮਾਹੌਲ ਸੀ। ਹਾਲਾਂਕਿ ਹੁਣ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੀ ਰਫਤਾਰ ‘ਚ ਨਿਰੰਤਰ ਕਮੀ ਆ ਰਹੀ ਹੈ।