ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਵਾਸੀ ਮਹਿੰਗਾਈ ਦੀ ਮਾਰ ਝੱਲ ਰਹੇ ਰਹੇ ਹਨ। ਕਈ ਚੀਜ਼ਾ ਦੇ ਰੇਟਾਂ ਵਿੱਚ ਇਸ ਵਾਰ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ ਹੈ। ਉੱਥੇ ਭੋਜਨ ਦੀਆਂ ਕੀਮਤਾਂ ਵੀ ਰਿਕਾਰਡ ਪੱਧਰ ‘ਤੇ ਪਹੁੰਚੀਆਂ ਹੋਈਆਂ ਹਨ, ਪਰ ਹੁਣ ਇਸ ਵਿਚਕਾਰ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲੋਕਾਂ ਨੂੰ ਭਰੋਸਾ ਦਵਾਇਆ ਹੈ ਕਿ ਸਰਕਾਰ ਦੇ ਕੁੱਝ ਕਦਮਾਂ ਮਗਰੋਂ ਉਨ੍ਹਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ। ਦਰਅਸਲ ਕੁੱਝ ਦਿਨ ਪਹਿਲਾ Statistics NZ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਅਗਸਤ 2021 ਦੇ ਮੁਕਾਬਲੇ ਅਗਸਤ 2022 ਵਿੱਚ ਭੋਜਨ ਦੀਆਂ ਕੀਮਤਾਂ ਵਿੱਚ 8.3% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਜੁਲਾਈ 2009 ਤੋਂ ਬਾਅਦ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ ਜਦੋਂ 8.4% ਦਾ ਵਾਧਾ ਦਰਜ ਹੋਇਆ ਸੀ। ਕਰਿਆਨੇ ਦੇ ਭੋਜਨ ਦੀਆਂ ਕੀਮਤਾਂ ਵਿੱਚ 8.7% ਦਾ ਵਾਧਾ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 15% ਦਾ ਵਾਧਾ, ਰੈਸਟੋਰੈਂਟ ਦੇ ਭੋਜਨ ਅਤੇ ਖਾਣ ਲਈ ਤਿਆਰ ਭੋਜਨ ਦੀਆਂ ਕੀਮਤਾਂ ਵਿੱਚ 6.5% ਦਾ ਵਾਧਾ, ਮੀਟ, ਪੋਲਟਰੀ ਅਤੇ ਮੱਛੀ ਦੀਆਂ ਕੀਮਤਾਂ ਵਿੱਚ 7.6% ਅਤੇ ਗੈਰ-ਅਲਕੋਹਲ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ 4.1% ਦਾ ਵਾਧਾ ਹੋਇਆ ਹੈ।ਮਹਿੰਗਾਈ ਦਰ ਵਰਤਮਾਨ ਵਿੱਚ 7.3% ਚੱਲ ਰਹੀ ਹੈ, ਜੋ ਕਿ 32 ਸਾਲ ਦੇ ਉੱਚੇ ਪੱਧਰ ‘ਤੇ ਹੈ। ਇਸੇ ਕਾਰਨ ਸਰਕਾਰ ‘ਤੇ ਵੀ ਮਹਿੰਗਾਈ ਕਾਬੂ ਕਰਨ ਦਾ ਦਬਾਅ ਵੱਧ ਰਿਹਾ ਹੈ। ਹਾਲਾਂਕਿ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਮਹਿੰਗਾਈ ਕਾਬੂ ਕਰਨ ਲਈ ਕਿਹੜੇ ਕਦਮ ਚੁੱਕੇਗੀ।