ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇੱਕ ਖਬਰ ਵਿੱਚ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਸ਼ਨੀਵਾਰ ਨੂੰ ਰਿਕਾਰਡ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਆਕਲੈਂਡ ਖੇਤਰ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਅਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਫੌਜੀ ਜਹਾਜ਼ ਵਿੱਚ ਸ਼ਹਿਰ ਦਾ ਦੌਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜੈਸਿੰਡਾ ਆਰਡਰਨ ਦੇ ਅਸਤੀਫੇ ਤੋਂ ਬਾਅਦ ਹਿਪਕਿਨਸ ਨੇ ਬੁੱਧਵਾਰ ਨੂੰ ਉੱਚ ਅਹੁਦੇ ਦੀ ਸਹੁੰ ਚੁੱਕੀ ਸੀ।
ਹਿਪਕਿਨਜ਼ ਨੇ ਕਿਹਾ ਕਿ ਮੀਂਹ ਨੇ ਸ਼ਹਿਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਕਲੈਂਡ ਵਾਸੀਆਂ ਨੂੰ ਹੋਰ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ, ਸਾਰੀਆਂ ਫਲਾਈਟਾਂ ਦੇ ਰੱਦ ਹੋਣ ਅਤੇ ਟਰਮੀਨਲ ਦੇ ਕੁੱਝ ਹਿੱਸਿਆਂ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਸੈਂਕੜੇ ਲੋਕ ਰਾਤ ਭਰ ਆਕਲੈਂਡ ਹਵਾਈ ਅੱਡੇ ‘ਤੇ ਫਸ ਗਏ ਸਨ।
ਹਾਲਾਂਕਿ ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਦੁਪਹਿਰ ਨੂੰ ਆਕਲੈਂਡ ਦੇ ਅੰਦਰ ਅਤੇ ਬਾਹਰ ਘਰੇਲੂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ, ਪਰ ਅਜੇ ਇਹ ਯਕੀਨੀ ਨਹੀਂ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਕਦੋਂ ਮੁੜ ਸ਼ੁਰੂ ਹੋਣਗੀਆਂ।