ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਸਵੇਰੇ ਕਿਹਾ ਕਿ ਇਹ “ਬਹੁਤ ਰਾਹਤ” ਵਾਲੀ ਖਬਰ ਹੈ, ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਨਿਊਜ਼ੀਲੈਂਡ ਦਾ ਇੱਕ ਮਸ਼ਹੂਰ ਜੋੜਾ ਕਈ ਮਹੀਨਿਆਂ ਤੋਂ ਈਰਾਨ ਵਿੱਚ ਨਜ਼ਰਬੰਦ ਸੀ, ਫਿਲਹਾਲ ਹੁਣ ਉਨ੍ਹਾਂ ਨੇ ਇਰਾਨ ਛੱਡ ਦਿੱਤਾ ਹੈ ਅਤੇ “ਸੁਰੱਖਿਅਤ ਅਤੇ ਤੰਦਰੁਸਤ” ਹਨ। ਟ੍ਰੈਵਲ ਬਲੌਗਰਸ ਕ੍ਰਿਸਟੋਫਰ ‘ਟੋਫਰ’ ਰਿਚਵਾਈਟ ਅਤੇ ਬ੍ਰਿਜੇਟ ਥੈਕਵੇਰੇ ਨੂੰ ਜੁਲਾਈ ਵਿੱਚ ਦੇਸ਼ ‘ਚ ਦਾਖਲ ਹੋਣ ਤੋਂ ਬਾਅਦ ਤੋਂ conservative Islamic Republic ਵਿੱਚ ਨਜ਼ਰਬੰਦੀ ‘ਚ ਰੱਖਿਆ ਗਿਆ ਮੰਨਿਆ ਜਾਂਦਾ ਹੈ।
ਐਮਐਫਏਟੀ ਨੇ ਅੱਜ ਸਵੇਰੇ ਕਿਹਾ, “ਜਿਨ੍ਹਾਂ ਨਿਊਜ਼ੀਲੈਂਡਰਾਂ ਨੂੰ ਅਸੀਂ ਈਰਾਨ ਵਿੱਚ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਹੇ ਹਾਂ, ਉਹ ਹੁਣ ਦੇਸ਼ ਛੱਡ ਚੁੱਕੇ ਹਨ ਅਤੇ ਉਹ ਸੁਰੱਖਿਅਤ ਅਤੇ ਠੀਕ ਹਨ। ਗੋਪਨੀਯਤਾ ਕਾਰਨਾਂ ਕਰਕੇ ਅਸੀਂ ਹੋਰ ਟਿੱਪਣੀ ਕਰਨ ਵਿੱਚ ਅਸਮਰੱਥ ਹਾਂ।” ਆਰਡਰਨ ਨੇ ਕਿਹਾ, “ਪਿਛਲੇ ਕਈ ਮਹੀਨਿਆਂ ਤੋਂ, ਵਿਦੇਸ਼ ਅਤੇ ਵਪਾਰ ਮੰਤਰਾਲਾ (MFAT) ਅਤੇ ਨਿਊਜ਼ੀਲੈਂਡ ਸਰਕਾਰ ਈਰਾਨ ਤੋਂ ਦੋ ਨਿਊਜ਼ੀਲੈਂਡ ਵਾਸੀਆਂ ਦੇ ਸੁਰੱਖਿਅਤ ਨਿਕਾਸ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।” “ਮੈਂ ਜ਼ਿਆਦਾ ਵੇਰਵੇ ਨਹੀਂ ਦੇ ਸਕਦੀ, ਪਰ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਅਜਿਹਾ ਹੋਇਆ ਹੈ ਅਤੇ ਇਸ ਵਿੱਚ ਸ਼ਾਮਿਲ ਦੋ ਵਿਅਕਤੀਆਂ ਲਈ ਇਹ ਸਮਝਣਾ ਖਾਸ ਤੌਰ ‘ਤੇ ਮੁਸ਼ਕਿਲ ਰਿਹਾ ਹੈ। ਮੈਨੂੰ ਅੱਜ ਸਵੇਰੇ ਈਰਾਨ ਤੋਂ ਉਨ੍ਹਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਇਹ ਬਹੁਤ ਰਾਹਤ ਵਾਲੀ ਗੱਲ ਸੀ ਕਿ ਮੈਨੂੰ ਇਹ ਖ਼ਬਰ ਮਿਲੀ।” ਇਹ ਪੁੱਛੇ ਜਾਣ ‘ਤੇ ਕਿ ਜੋੜੇ ਨੂੰ ਹਿਰਾਸਤ ਵਿੱਚ ਕਿਉਂ ਲਿਆ ਗਿਆ ਸੀ, ਆਰਡਰਨ ਨੇ ਕਿਹਾ ਕਿ ਘਟਨਾ ਦੇ ਹੋਰ ਵੇਰਵੇ ਪਰਿਵਾਰ ਅਤੇ ਜੋੜੇ ਤੋਂ ਆਉਣੇ ਚਾਹੀਦੇ ਹਨ।