ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਓਵਲ ਦਫ਼ਤਰ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ ਹੈ, ਇਸ ਦੌਰਾਨ ਪ੍ਰਸ਼ਾਂਤ ਅਤੇ ਯੂਕਰੇਨ ਮੁੱਦੇ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ। 2014 ਵਿੱਚ ਜੌਨ ਕੀ ਦੀ ਬਰਾਕ ਓਬਾਮਾ ਨਾਲ ਮੁਲਾਕਾਤ ਤੋਂ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੁਆਰਾ ਓਵਲ ਦਫ਼ਤਰ ਦੀ ਇਹ ਪਹਿਲੀ ਫੇਰੀ ਸੀ, ਅਤੇ ਦੋ ਦਹਾਕਿਆਂ ਵਿੱਚ ਅਜਿਹੀ ਸਿਰਫ਼ ਤੀਜੀ ਮੁਲਾਕਾਤ ਸੀ। ਮੀਟਿੰਗ ਤੋਂ ਪਹਿਲਾਂ ਦੀਆਂ ਟਿੱਪਣੀਆਂ ਵਿੱਚ ਬਾਈਡੇਨ ਅਤੇ ਆਰਡਰਨ ਨੇ ਪ੍ਰਸ਼ਾਂਤ ਖੇਤਰ, ਯੂਕਰੇਨ ਵਿੱਚ ਜੰਗ, ਇੰਡੋ-ਪੈਸੀਫਿਕ ਆਰਥਿਕ ਢਾਂਚੇ (ਆਈਪੀਈਐਫ) ਅਤੇ ਜਲਵਾਯੂ ਤਬਦੀਲੀ ਬਾਰੇ ਗੱਲ ਕੀਤੀ।
ਆਰਡਰਨ ਨੇ ਸਾਂਝੇ ਮੁੱਲਾਂ ਅਤੇ ਸਾਂਝੀਆਂ ਚੁਣੌਤੀਆਂ ਦੇ ਨਾਲ ਰਿਸ਼ਤੇ ਨੂੰ ਨਿੱਘਾ ਅਤੇ ਦੋਸਤਾਨਾ ਦੱਸਿਆ। ਉਨ੍ਹਾਂ ਕਿਹਾ ਕਿ, “ਮੈਂ ਅੱਜ ਦੀ ਗੱਲਬਾਤ ਤੋਂ ਬਹੁਤ ਖੁਸ਼ ਹਾਂ।” ਬਾਈਡੇਨ ਨੇ ਕਿਹਾ ਕਿ ਨਿਊਜ਼ੀਲੈਂਡ “ਦੋਸਤੀ ਦੇ ਲੰਬੇ ਇਤਿਹਾਸ” ਦੇ ਨਾਲ ਸੰਯੁਕਤ ਰਾਜ ਦੇ ਸਭ ਤੋਂ ਨਜ਼ਦੀਕੀ ਭਾਈਵਾਲਾਂ ਵਿੱਚੋਂ ਇੱਕ ਰਿਹਾ ਹੈ।