ਨਿਊਜ਼ੀਲੈਂਡ 12 ਅਪ੍ਰੈਲ ਨੂੰ ਰਾਤ 11.59 ਵਜੇ ਤੋਂ ਟੀਕਾਕਰਨ ਕੀਤੇ ਆਸਟ੍ਰੇਲੀਆਈ ਲੋਕਾਂ ਲਈ ਬਾਰਡਰ ਖੋਲ੍ਹੇਗਾ, ਅਤੇ 1 ਮਈ ਦੇ ਅਖੀਰ ਤੋਂ ਵੀਜ਼ਾ ਛੋਟ ਵਾਲੇ ਦੇਸ਼ਾਂ ਅਤੇ ਵੈਧ ਵਿਜ਼ਟਰ ਵੀਜ਼ਾ ਵਾਲੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ, “ਸਾਡੀ ਸਰਹੱਦ ਪਹਿਲਾਂ ਹੀ ਦੁਨੀਆ ਭਰ ਦੇ ਨਿਊਜ਼ੀਲੈਂਡ ਵਾਸੀਆਂ ਲਈ ਖੋਲ੍ਹ ਦਿੱਤੀ ਗਈ ਹੈ ਅਤੇ ਸੋਮਵਾਰ ਨੂੰ ਨਾਜ਼ੁਕ ਅਤੇ ਹੁਨਰਮੰਦ ਕਾਮੇ ਵੀ ਬਿਨਾਂ ਏਕਾਂਤਵਾਸ ਦਾਖਲ ਹੋਣ ਦੇ ਯੋਗ ਬਣ ਗਏ ਹਨ। ਅਸੀਂ ਦੁਨੀਆ ਦਾ ਵਾਪਸ ਸਵਾਗਤ ਕਰਨ ਲਈ ਤਿਆਰ ਹਾਂ।”
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਦੇ ਦੇਸ਼ਾਂ ਦੇ ਯਾਤਰੀਆਂ ਲਈ ਵੀ ਬਾਰਡਰ ਖੋਲੇ ਜਾਣ ਦੀ ਤਾਰੀਖ ਨੂੰ ਅਕਤੂਬਰ ਤੋਂ ਪਹਿਲਾਂ ਐਲਾਨ ਦਿੱਤਾ ਜਾਵੇਗਾ। ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਹੈ ਕਿ ਨਿਊਜੀਲੈਂਡ ਪੁੱਜਣ ਵਾਲੇ ਯਾਤਰੀਆਂ ਨੂੰ 2 ਐਂਟੀਜਨ ਟੈਸਟ ਕਰਨੇ ਪੈਣਗੇ, ਜੋ ਉਨ੍ਹਾਂ ਨੂੰ ਏਅਰਪੋਰਟ ਪੁੱਜਣ ‘ਤੇ ਉਪਲਬਧ ਕਰਵਾਏ ਜਾਣਗੇ। ਇਹ ਟੈਸਟ ਕਿਸੇ ਮਾਹਿਰ ਦੀ ਨਿਗਰਾਨੀ ਹੇਠ ਨਹੀਂ ਹੋਣਗੇ, ਬਲਕਿ ਯਾਤਰੀ ਆਪਣੀ ਜਿੰਮੇਵਾਰੀ ਸਮਝਦਿਆਂ ਇਨ੍ਹਾਂ ਟੈਸਟਾਂ ਦੇ ਨਤੀਜੇ ਸਿਹਤ ਮਹਿਕਮੇ ਨੂੰ ਦੱਸੇਗਾ।