ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਭਾਵੇਂ ਕਮਜ਼ੋਰ ਹੋ ਗਈ ਹੈ, ਪਰ ਫਿਰ ਵੀ ਖ਼ਤਰਾ ਘੱਟ ਨਹੀਂ ਹੋਇਆ ਹੈ। ਕੋਵਿਡ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਦੀ ਇਸ ਲੜਾਈ ਵਿੱਚ ਸਭ ਤੋਂ ਵੱਡਾ ਹਥਿਆਰ ਵੀ ਮੰਨਿਆ ਜਾਂ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦੇਸ਼ ਦੇ ਹਰ ਨਾਗਰਿਕ ਨੂੰ ਕੋਰੋਨਾ ਟੀਕਾ ਲਗਾਉਣ ਲਈ ਮੁਹਿੰਮ ਚਲਾ ਰਹੀ ਹੈ। ਇਸੇ ਤਹਿਤ ਅੱਜ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਦੇਸ਼ ਵਾਸੀਆਂ ਨਾਲ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਨਿਊਜੀਲੈਂਡ ਦੇ ਹਰ ਇੱਕ ਵਾਸੀ ਨੂੰ ਕੋਰੋਨਾ ਟੀਕਾ ਲੱਗ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਦੇ ਨਾਲ ਹੀ ਮਾਸ ਵੈਕਸੀਨੇਸ਼ਨ ਦਾ ਪ੍ਰੋਗਰਾਮ ਵੀ ਚਲਾਇਆ ਜਾਵੇਗਾ। ਕੋਰੋਨਾ ਟੀਕਾਕਰਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਦੇਸ਼ ਵਾਸੀ ਕੋਰੋਨਾ ਵੈਕਸੀਨ ਤੋਂ ਵਾਂਝਾ ਨਾ ਰਹੇ ਇਸ ਨੂੰ ਯਕੀਨੀ ਬਨਾਉਣ ਲਈ ਸਿਹਤ ਵਿਭਾਗ ਵੱਲੋ ਹਰ ਯੋਗ ਵਿਅਕਤੀ ਨੂੰ ਸੰਪਰਕ ਕੀਤਾ ਜਾਵੇਗਾ। ਨਾਗਰਿਕਾਂ ਨੂੰ ਫੋਨ, ਟੈਕਸਟ ਜਾਂ ਮੈਸੇਜ ਅਤੇ ਈਮੇਲ ਰਾਂਹੀ ਸੰਪਰਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੇ ਨਿਊਜੀਲੈਂਡ ਸਮੇਤ ਅੰਤਰ-ਰਾਸ਼ਟਰੀ ਪੱਧਰ ‘ਤੇ ਹਰ ਦੇਸ਼ ਵਿੱਚ ਉਮਰ ਵਰਗ ਦੇ ਹਿਸਾਬ ਨਾਲ ਕੋਰੋਨਾ ਵੈਕਸੀਨੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਨਿਊਜੀਲੈਂਡ ਵਿੱਚ ਯੋਜਨਾਂ ਦੇ ਤਹਿਤ 28 ਜੁਲਾਈ ਤੋਂ 60 ਸਾਲ ਤੋਂ ਵੱਧ ਉਮਰ ਦੇ ਲੋਕ ਵੈਕਸੀਨ ਲਗਵਾ ਸਕਦੇ ਹਨ। ਫਿਰ 11 ਅਗਸਤ ਤੋਂ 55 ਸਾਲ ਤੋਂ ਵੱਧ ਉਮਰ ਵਾਲੇ, ਅਗਸਤ ਦੇ ਮੱਧ ਤੋਂ 45 ਸਾਲ ਤੋਂ ਵੱਧ ਉਮਰ ਵਾਲੇ ਅਤੇ ਸਤੰਬਰ ਦੇ ਮੱਧ ਤੋਂ 35 ਸਾਲ ਤੋਂ ਵੱਧ ਉਮਰ ਵਾਲੇ ਲੋਕ ਵੈਕਸੀਨ ਲਗਵਾ ਸਕਦੇ ਹਨ। ਜਦਕਿ ਇਸ ਤੋਂ ਬਾਅਦ ਦੀ ਉਮਰ ਵਰਗ ਵਾਲੇ ਵਿਅਕਤੀਆਂ ਨੂੰ ਅਕਤੂਬਰ ਤੱਕ ਕੋਰੋਨਾ ਵੈਕਸੀਨ ਲਗਾ ਦਿੱਤੀ ਜਾਵੇਗੀ।