ਮਲੇਸ਼ੀਆ ਦੇ ਸੇਲਾਂਗੋਰ ‘ਚ ਜਹਾਜ਼ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਨੂੰ ਇੱਕ ਛੋਟਾ ਜਹਾਜ਼ ਦੋ ਵਾਹਨਾਂ ਨਾਲ ਟਕਰਾ ਗਿਆ ਅਤੇ ਸੜਕ ‘ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਬਹੁਤ ਹੀ ਡਰਾਉਣੀ ਹੈ। ਪੁਲਿਸ ਨੇ ਜਹਾਜ਼ ਹਾਦਸੇ ਬਾਰੇ ਦੱਸਿਆ ਕਿ ਇਸ ਹਾਦਸੇ ‘ਚ ਮਰਨ ਵਾਲੇ 8 ਲੋਕ ਜਹਾਜ਼ ‘ਚ ਸਵਾਰ ਸਨ, ਜਦਕਿ ਜਹਾਜ਼ ਦੀ ਲਪੇਟ ‘ਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਕਾਰ ਚਾਲਕ ਅਤੇ ਇੱਕ ਮੋਟਰਸਾਈਕਲ ਸਵਾਰ ਵੀ ਸ਼ਾਮਿਲ ਹੈ।
ਸਾਹਮਣੇ ਆਈ ਵੀਡੀਓ ਵਿੱਚ ਸੜਕ ‘ਤੇ ਸੜਦੀਆਂ ਕਾਰਾ ਦੀਆਂ ਭਿਆਨਕ ਤਸਵੀਰਾਂ ਵੀ ਹਨ, ਵਾਹਨਾਂ ਦੇ ਕੁਝ ਹਿੱਸੇ ਵੀ ਜ਼ਮੀਨ ‘ਤੇ ਖਿੱਲਰੇ ਦਿਖਾਈ ਦੇ ਰਹੇ ਹਨ। ਇਸ ਘਟਨਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਮਲੇਸ਼ੀਆ ਦੇ ਮੀਡੀਆ ਮੁਤਾਬਿਕ ਚਸ਼ਮਦੀਦਾਂ ਨੇ ਬਾਈਕ ਸਵਾਰ ਨੂੰ ਸੜਦੇ ਅਤੇ ਚੀਕਾਂ ਮਾਰਦੇ ਦੇਖ ਕੇ ਬੇਵੱਸ ਮਹਿਸੂਸ ਕੀਤਾ।
ਇਹ ਜਹਾਜ਼ ਇੱਕ ਵਿਸੇਸ ਨਿੱਜੀ ਉਡਾਣ ਸੇਵਾ ਜੈਟ ਵੈਲੇਟ ਦਾ ਸੀ। ਉਹ ਦੁਪਹਿਰ 2.08 ਵਜੇ ਲੰਗਕਾਵੀ ਤੋਂ ਰਵਾਨਾ ਹੋਇਆ ਸੀ। ਇਹ ਹਾਦਸੇ ਵਾਲੀ ਥਾਂ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਸਥਿਤ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ‘ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਨ। ਸੇਲਾਂਗੋਰ ਦੇ ਪੁਲਿਸ ਮੁਖੀ ਹੁਸੈਨ ਉਮਰ ਖਾਨ ਨੇ ਕਿਹਾ ਕਿ ਜਹਾਜ਼ ਲੈਂਡ ਕਰਨ ਦੀ ਤਿਆਰੀ ਕਰ ਰਿਹਾ ਸੀ ਅਤੇ ਏਅਰ ਟ੍ਰੈਫਿਕ ਕੰਟਰੋਲ ਨੇ ਇਸ ਨੂੰ ਕਲੀਅਰ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਦਾ ਲੈਂਡਿੰਗ ਤੋਂ ਦੋ ਮਿੰਟ ਪਹਿਲਾਂ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਦੱਸਿਆ ਕਿ ਫਾਇਰ ਅਤੇ ਬਚਾਅ ਵਿਭਾਗ ਨੇ 10 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾਇਆ। ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਪੀੜਤਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਪੋਸਟਮਾਰਟਮ ਕਰਵਾਏ ਜਾ ਰਹੇ ਹਨ।