ਬ੍ਰਾਜ਼ੀਲ ‘ਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਬ੍ਰਾਜ਼ੀਲ ਦੇ ਅਮੇਜ਼ਨ ‘ਚ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ। ਜਹਾਜ਼ ‘ਚ ਸਵਾਰ ਸਾਰੇ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੂਬੇ ਦੀ ਰਾਜਧਾਨੀ ਮਾਨੌਸ ਤੋਂ ਲਗਭਗ 400 ਕਿਲੋਮੀਟਰ (248 ਮੀਲ) ਦੂਰ ਬਾਰਸੀਲੋਸ ਸੂਬੇ ਵਿੱਚ ਵਾਪਰਿਆ ਹੈ। ਅਮੇਜ਼ਨਸ ਰਾਜ ਦੇ ਗਵਰਨਰ ਵਿਲਸਨ ਲੀਮਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਹਾਜ਼ ‘ਚ ਚਾਲਕ ਦਲ ਦੇ ਦੋ ਮੈਂਬਰ ਅਤੇ 12 ਯਾਤਰੀ ਸਵਾਰ ਸਨ। ਹਾਦਸੇ ‘ਚ ਸਾਰਿਆਂ ਦੀ ਮੌਤ ਹੋ ਗਈ ਹੈ। ਲੀਮਾ ਨੇ ਕਿਹਾ ਕਿ ਮੈਨੂੰ ਇਸ ਘਟਨਾ ਦਾ ਡੂੰਘਾ ਅਫਸੋਸ ਹੈ। ਸਾਡੀਆਂ ਟੀਮਾਂ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਤੋਂ ਹੀ ਕੰਮ ਕਰ ਰਹੀਆਂ ਹਨ। ਪੀੜਤ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਮੇਰੀ ਸੰਵੇਦਨਾ। ਮੀਡੀਆ ਰਿਪੋਰਟਾਂ ਮੁਤਾਬਿਕ ਹਾਦਸਾਗ੍ਰਸਤ ਜਹਾਜ਼ ਮੈਨੂਅਸ ਐਰੋਟੈਕਸੀ ਏਅਰਲਾਈਨ ਦਾ ਸੀ। ਕੰਪਨੀ ਨੇ ਇਸ ਹਾਦਸੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਮੇਜ਼ਨ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਮੈਨੂਅਸ ਐਰੋਟੈਕਸੀ ਏਅਰਲਾਈਨ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਇਸ ਮਾਮਲੇ ਵਿੱਚ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ। ਜਾਂਚ ਪੂਰੀ ਹੋਣ ਤੱਕ ਉਡੀਕ ਕਰਨੀ ਪਵੇਗੀ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿਚ ਅਮਰੀਕੀ ਨਾਗਰਿਕ ਵੀ ਸ਼ਾਮਿਲ ਹਨ, ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।