ਤਹਿ ਸਮੇਂ ਤੋਂ ਦੋ ਦਿਨ ਪਹਿਲਾਂ ਫਾਈਜ਼ਰ ਕੋਵਿਡ-19 ਟੀਕੇ ਦੀ ਇੱਕ ਵੱਡੀ ਖੇਪ ਦੇ ਦੇਸ਼ ਵਿੱਚ ਪਹੁੰਚਣ ਕਾਰਨ ਨਿਊਜ਼ੀਲੈਂਡ ਸਰਕਾਰ ਸੁਖ ਦਾ ਸਾਹ ਲੈ ਰਹੀ ਹੈ। 150,000 ਟੀਕਿਆਂ ਦੀ ਖੇਪ ਐਤਵਾਰ ਦੁਪਹਿਰ ਤੋਂ ਬਾਅਦ ਪਹੁੰਚੀ ਸੀ, ਜਿਸ ਤੋਂ ਬਾਅਦ ਖੇਪ ਸਿੱਧੀ ਸਟੋਰੇਜ ਅਤੇ ਡਿਸਟ੍ਰੀਬਿਉਸ਼ਨ ਸੈਂਟਰ ਵਿੱਚ ਪਹੁੰਚਾ ਦਿੱਤੀ ਗਈ। ਇਹ ਖੇਪ ਬਿਲਕੁਲ ਸਮੇਂ ਸਿਰ ਆਈ ਹੈ, ਕਿਉਂਕਿ ਜ਼ਿਲ੍ਹਾ ਸਿਹਤ ਬੋਰਡ ਕੋਲ ਬੁੱਧਵਾਰ ਤੱਕ ਹੀ ਟੀਕੇ ਦੀਆਂ ਖੁਰਾਕਾਂ ਬਚੀਆਂ ਸਨ। ਕੋਵਿਡ -19 ਦੇ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਯਤਨ ਰਿਹਾ ਹੈ।
ਉਨ੍ਹਾਂ ਨੇ ਸੋਮਵਾਰ ਸਵੇਰੇ ਇੱਕ ਬਿਆਨ ਵਿੱਚ ਕਿਹਾ, “ਸਟਾਫ ਨੇ ਦੇਰ ਰਾਤ ਕੰਮ ਕਰਕੇ ਦੇਸ਼ ਭਰ ਦੇ ਜ਼ਿਲ੍ਹਾ ਸਿਹਤ ਬੋਰਡਾਂ ਅਤੇ ਟੀਕਾਕਰਨ ਕੇਂਦਰਾਂ ਨੂੰ ਸੜਕ ਅਤੇ ਹਵਾ ਰਾਹੀਂ ਟੀਕਾਕਰਨ ਨਿਰੰਤਰ ਜਾਰੀ ਰੱਖਣ ਲਈ ਵੈਕਸੀਨ ਪਹੁੰਚਾਈ ਹੈ।” ਨਿਊਜ਼ੀਲੈਂਡ ਨੇ ਵੈਕਸੀਨ ਲਈ ਫਾਈਜ਼ਰ / ਬਾਇਓਨਟੈਕ, ਐਸਟਰਾਜ਼ੇਨੇਕਾ / ਆਕਸਫੋਰਡ, ਨੋਵਾਵੈਕਸ ਅਤੇ ਜਾਨਸਨ ਐਂਡ ਜਾਨਸਨ / Janssen ਨਾਮ ਦੀਆ ਇਨ੍ਹਾਂ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਨਿਊਜ਼ੀਲੈਂਡ ਵਿੱਚ ਹੁਣ ਤੱਕ ਫਾਈਜ਼ਰ ਟੀਕੇ ਦੀਆਂ 1,149,608 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਰੋਲਆਉਟ ਇਸ ਦੇ ਤੀਜੇ ਪੜਾਅ ਵਿੱਚ ਹੈ।