ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਆਮ ਖਪਤ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਆਏ ਅਣਕਿਆਸੇ ਵਾਧੇ ਨੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਕੰਗਾਲੀ ਦੇ ਦੁਆਰ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਮਹਿੰਗਾਈ ਦੀ ਮਾਰ ਨੇ ਆਮ ਲੋਕਾਂ ਦਾ ਜੀਵਨ ਔਖਾ ਕਰਕੇ ਉਨ੍ਹਾਂ ਦੇ ਚਿਹਰਿਆਂ ’ਤੇ ਉਦਾਸੀ ਦੇ ਨਾਲ ਨਿਰਾਸ਼ਾ ਬੰਨ੍ਹ ਕੇ ਕਾਟੋ-ਕਲੇਸ਼ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ ਹੈ। ਮਹਿੰਗਾਈ ਨਾਲ ਨਜਿੱਠਣ ਲਈ ਹਾਕਮ ਸਰਕਾਰਾਂ ਵਾਅਦਿਆਂ ਦੇ ਪੁਲ ਬੰਨ੍ਹਦੀਆਂ ਝੂਠੇ ਦਾਅਵੇ ਕਰਦੀਆਂ ਨਿਰਾ ਕੁਫ਼ਰ ਤੋਲਦੀਆਂ ਹਨ ਕਿ ਸਰਕਾਰਾਂ ਲੋਕਾਂ ਲਈ ਬਹੁਤ ਫ਼ਿਕਰਮੰਦ ਹਨ। ਪਰ ਅਸਲ ਸਚਾਈ ਦਾਅਵਿਆਂ ਤੋਂ ਕਿਤੇ ਪਰੇ ਹੁੰਦੀ ਹੈ, ਉੱਥੇ ਹੀ ਹੁਣ ਆਮ ਲੋਕਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ।
ਦਰਅਸਲ ਜਦੋਂ ਤੋਂ ਰੂਸ-ਯੂਕਰੇਨ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਦੁਨੀਆ ਭਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਹੈ। ਉੱਥੇ ਜੇ ਪੈਟਰੋਲ ਡੀਜ਼ਲ ਦੀ ਗੱਲ ਕਰੀਏ ਤਾਂ ਕਦੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਕਦੇ ਵੱਧ ਰਹੀਆਂ ਹਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਾਲਣ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਅਜਿਹੇ ‘ਚ ਓਪੇਕ ਦੇਸ਼ਾਂ ਤੋਂ ਵੀ ਇੱਕ ਖਬਰ ਆਈ ਹੈ। ਉਨ੍ਹਾਂ ਨੇ ਤੇਲ ਉਤਪਾਦਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਦਾ ਅਸਰ ਕਈ ਦੇਸ਼ਾਂ ‘ਤੇ ਪਵੇਗਾ।
ਸਾਊਦੀ ਦੀ ਅਗਵਾਈ ਵਾਲੇ ਓਪੇਕ ਅਤੇ ਹੋਰ ਸਹਿਯੋਗੀ ਤੇਲ ਉਤਪਾਦਕਾਂ ਨੇ ਰੂਸ ਵਿਰੁੱਧ ਨਵੀਆਂ ਪੱਛਮੀ ਪਾਬੰਦੀਆਂ ਦੇ ਪ੍ਰਭਾਵ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਵਿਸ਼ਵ ਅਰਥਵਿਵਸਥਾ ਲਈ ਆਪਣੇ ਤੇਲ ਸਪਲਾਈ ਟੀਚਿਆਂ ਨੂੰ ਨਹੀਂ ਬਦਲਿਆ ਹੈ। ਇਨ੍ਹਾਂ ਦੇਸ਼ਾਂ ਵਿੱਚ ਰੂਸ ਵੀ ਸ਼ਾਮਿਲ ਹੈ। ਐਤਵਾਰ ਨੂੰ ਹੋਈ ਓਪੇਕ ਅਤੇ ਹੋਰ ਸਹਿਯੋਗੀ ਦੇਸ਼ਾਂ ਦੇ ਪੈਟਰੋਲੀਅਮ ਮੰਤਰੀਆਂ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ।
ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਸੋਮਵਾਰ ਤੋਂ ਰੂਸੀ ਤੇਲ ‘ਤੇ ਕੀਮਤ ਸੀਮਾ ਲਾਗੂ ਹੋਣ ਜਾ ਰਹੀ ਹੈ। ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਜਾਪਾਨ, ਅਮਰੀਕਾ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਨੇ ਸ਼ੁੱਕਰਵਾਰ ਨੂੰ ਰੂਸੀ ਤੇਲ ਲਈ 60 ਡਾਲਰ ਪ੍ਰਤੀ ਬੈਰਲ ਦੀ ਸੀਮਾ ਤੈਅ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਨੇ ਪੱਛਮੀ ਦੇਸ਼ਾਂ ਨੂੰ ਰੂਸੀ ਤੇਲ ਦੀਆਂ ਕੀਮਤਾਂ ਨੂੰ ਹੋਰ ਘਟਾਉਣ ਲਈ ਕਿਹਾ ਹੈ, ਜਦਕਿ ਰੂਸੀ ਅਧਿਕਾਰੀਆਂ ਨੇ $60 ਪ੍ਰਤੀ ਬੈਰਲ ਦੀ ਸੀਮਾ ਨੂੰ ਆਜ਼ਾਦ ਅਤੇ ਸਥਿਰ ਬਾਜ਼ਾਰ ਲਈ ਨੁਕਸਾਨਦੇਹ ਦੱਸਿਆ ਹੈ।
ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਪਾਬੰਦੀਆਂ ਕਿਸ ਹੱਦ ਤੱਕ ਰੂਸੀ ਤੇਲ ਦੀ ਗਲੋਬਲ ਮਾਰਕੀਟ ਤੱਕ ਪਹੁੰਚ ਨੂੰ ਸੀਮਤ ਕਰ ਸਕਦੀਆਂ ਹਨ। ਜੇਕਰ ਪਾਬੰਦੀਆਂ ਲਾਗੂ ਹੁੰਦੀਆਂ ਹਨ, ਤਾਂ ਤੇਲ ਦੀ ਸਪਲਾਈ ਵਿੱਚ ਕਮੀ ਆਵੇਗੀ ਅਤੇ ਕੀਮਤਾਂ ਵਧਣਗੀਆਂ ਅਤੇ ਇਸ ਦਾ ਅਸਰ ਭਾਰਤ ‘ਤੇ ਵੀ ਪੈ ਸਕਦਾ ਹੈ, ਕਿਉਂਕਿ ਭਾਰਤ ਨੇ ਵੀ ਆਪਣੀ ਤੇਲ ਸਪਲਾਈ ਲਈ ਰੂਸ ਤੋਂ ਤੇਲ ਦੀ ਖਰੀਦ ਵਧਾ ਦਿੱਤੀ ਹੈ। ਦੂਜੇ ਪਾਸੇ ਆਲਮੀ ਅਰਥਵਿਵਸਥਾ ‘ਚ ਮੰਦੀ ਦੀ ਸੰਭਾਵਨਾ ਕਾਰਨ ਤੇਲ ਦੀ ਮੰਗ ਘੱਟਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਕੀਮਤਾਂ ‘ਤੇ ਦਬਾਅ ਬਣਿਆ ਹੋਇਆ ਹੈ।