ਆਕਲੈਂਡ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੱਸ ‘ਚ ਸਵਾਰ ਯਾਤਰੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਦਰਅਸਲ ਆਕਲੈਂਡ ਦੇ ਓਨਹੁੰਗਾ ‘ਚ ਬੱਸ ‘ਚ ਸਵਾਰ ਵਿਅਕਤੀ ਦੇ ਚਾਕੂ ਮਾਰੇ ਜਾਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇੱਕ ਅਪਡੇਟ ‘ਚ ਕਿਹਾ, “ਪੁਲਿਸ ਅਪਰਾਧੀ ਨੂੰ ਲੱਭਣ ਲਈ ਤੁਰੰਤ ਪੁੱਛਗਿੱਛ ਕਰ ਰਹੀ ਹੈ ਜਿਸਦੀ ਸੀਸੀਟੀਵੀ ਫੁਟੇਜ ਦੁਆਰਾ ਪਛਾਣ ਕੀਤੀ ਗਈ ਹੈ।” ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 2.30 ਵਜੇ ਚਰਚ ਸੇਂਟ ‘ਤੇ ਰੂਟ 74 ਦੀ ਬੱਸ ਲਈ ਬੁਲਾਇਆ ਗਿਆ ਸੀ। ਪੁਲਿਸ ਇੰਸਪੈਕਟਰ ਡੈਨੀ ਮੀਡੇ ਨੇ ਕਿਹਾ ਕਿ ਬੱਸ ‘ਚ ਇੱਕ “ਗੰਭੀਰ ਹਮਲੇ” ਵਿੱਚ ਇੱਕ ਯਾਤਰੀ ਨੂੰ ਚਾਕੂ ਮਾਰਿਆ ਗਿਆ ਸੀ। ਓਨਾ ਅੱਗੇ ਕਿਹਾ ਕਿ “ਉਪਰਲੇ ਧੜ ‘ਤੇ ਚਾਕੂ ਮਾਰਿਆ ਗਿਆ ਸੀ। ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।” ਮੀਡੇ ਨੇ ਦੱਸਿਆ ਕਿ ਘਟਨਾ ਸਮੇਂ ਬੱਸ ਵਿੱਚ ਕਈ ਯਾਤਰੀ ਸਵਾਰ ਸਨ। ਬੱਸ ਗਲੇਨ ਇਨੇਸ ਤੋਂ ਓਨਹੁੰਗਾ ਜਾ ਰਹੀ ਸੀ ਜਦੋਂ ਹਮਲਾ ਹੋਇਆ।