ਨੇਪੀਅਰ ਵਿੱਚ ਇੱਕ ਵਪਾਰਕ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਾਕਸ ਬੇ ਹਸਪਤਾਲ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਵੀਰਵਾਰ ਦੁਪਹਿਰ ਇੱਕ ਵਪਾਰਕ ਇਮਾਰਤ ਨੂੰ ਅੱਗ ਲੱਗੀ ਸੀ, ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1.30 ਵਜੇ ਤੋਂ ਪਹਿਲਾਂ ਪੈਲੇਟ ਕੰਪਨੀ ਵਿੱਚ ਅੱਗ ਬਾਰੇ ਕਈ ਚੇਤਾਵਨੀਆਂ ਪ੍ਰਾਪਤ ਹੋਈਆਂ ਸਨ। ਇਸ ਮਗਰੋਂ ਮੌਕੇ ‘ਤੇ ਪਹੁੰਚੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਸੀ। ਸੀਨੀਅਰ ਸਟੇਸ਼ਨ ਅਧਿਕਾਰੀ ਜੈਮੀ ਨਿਕੋਲ ਨੇ ਦੱਸਿਆ ਕਿ ਅੱਗ ਮਸ਼ੀਨਰੀ ਵਿੱਚ ਲੱਗੀ ਸੀ।
ਉਨ੍ਹਾਂ ਕਿਹਾ ਕਿ ਵਪਾਰਕ ਇਮਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਰਿਪੋਰਟਾਂ ਅਨੁਸਾਰ ਛੇ ਫਾਇਰ ਟਰੱਕਾਂ ਅਤੇ 20 ਫਾਇਰਫਾਈਟਰਾਂ ਨੇ ਪਾਂਡੋਰਾ ਦੇ ਉਪਨਗਰ ਵਿੱਚ ਥੇਮਜ਼ ਸਟਰੀਟ ‘ਤੇ ਅੱਗ ‘ਤੇ ਕਾਬੂ ਪਾਇਆ ਸੀ। ਦੁਪਹਿਰ 2 ਵਜੇ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਦੁਪਹਿਰ ਦੇ ਅੱਧ ਤੱਕ ਤਿੰਨ ਫਾਇਰ ਟਰੱਕ ਅਤੇ ਇੱਕ ਸਹਾਇਤਾ ਵਾਹਨ ਮੌਕੇ ‘ਤੇ ਮੌਜੂਦ ਰਹੇ। ਹਾਲਾਂਕਿ ਜ਼ਖਮੀ ਨੂੰ ਲੈ ਕੇ ਅਜੇ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।